ਸ਼ਹੀਦੀ ਜੋੜ ਮੇਲ

ਸ਼ਰਧਾ ਅੱਗੇ ਝੁਕੀ ਸਿਆਸਤ: ਸ਼ਹੀਦੀ ਜੋੜ ਮੇਲ ‘ਤੋਂ ਮੀਲਾਂ ਦੂਰ ਰਹੀਆਂ ਸਿਆਸੀ ਕਾਨਫਰੰਸਾਂ

ਪੋਹ ਦਾ ਮਹੀਨਾ ਹਰੇਕ ਸਿੱਖ ਲਈ ਵੱਡੀ ਮਹੱਤਤਾ ਰੱਖਦਾ ਹੈ। ਇਸ ਮਹੀਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਤੇ ਅਨੇਕ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਹੀਦੀ ਜੋੜ ਮੇਲ ਜਾਂ ਸ਼ਹੀਦੀ ਸਭਾ ਹੁੰਦੀ ਹੈ।

ਦੂਰੋਂ ਦੂਰੋਂ ਸੰਗਤਾਂ ਇਥੇ ਆ ਕੇ ਗੁਰੂ ਦੇ ਲਾਲਾਂ ਤੇ ਮਾਤਾ ਗੁਜਰ ਕੌਰ ਜੀ ਦੀ ਹਿੰਮਤ ਤੇ ਕੁਰਬਾਨੀ ਨੂੰ ਸਿੱਜਦਾ ਕਰਦੀਆਂ ਨੇ। ਪਹਿਲਾਂ ਰਵਾਇਤ ਇਹ ਸੀ ਸੰਗਤਾਂ ਇਥੇ ਆਉਂਦੀਆਂ ਤੇ 3 ਦਿਨ ਰਹਿੰਦੀਆਂ ਸਨ, ਜਿਸ ਦਿਨ ਸਾਹਿਬਜ਼ਾਦੇ ਮੋਰਿੰਡੇ ਤੋਂ ਸਰਹਿੰਦ ਆ ਗਏ ਸੰਗਤ ਵੀ ਉਸ ਦਿਨ ਪਹੁੰਚ ਜਾਂਦੀ ਸੀ ਤੇ ਉਨ੍ਹਾਂ ਦੇ ਸਸਕਾਰ ਤੱਕ ਸੰਗਤ ਰਹਿੰਦੀ ਸੀ। ਉਸ ਸਮੇਂ ਧਾਰਮਿਕ ਦੀਵਾਨ ਸੱਜਦੇ ਸਨ, ਗੁਰਬਾਣੀ ਕੀਰਤਨ ਹੁੰਦਾ ਸੀ, ਕੋਈ ਵੀ ਸਿਆਸੀ ਕਾਨਫਰੰਸਾਂ ਨਹੀਂ ਸੀ ਹੁੰਦੀਆਂ।

ਪਰ ਹੌਲੀ ਹੌਲੀ ਉਹ ਦੀਵਾਨ ਕਾਨਫਰੰਸਾਂ ਵਿੱਚ ਤਬਦੀਲ ਹੋ ਗਏ। ਉਸ ਤੋਂ ਬਾਅਦ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਆਮ ਆਦਮੀ ਪਾਰਟੀ ਵੱਲੋਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਰਹੀਆਂ। ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਇਹ ਕਾਨਫਰੰਸਾਂ ਕੀਤੀਆਂ ਜਾਂਦੀਆਂ ਸਨ ਤੇ ਵਿਰੋਧੀਆਂ ਪਾਰਟੀਆਂ ਵਿਰੁੱਧ ਬਿਆਨਬਾਜ਼ੀ ਕੀਤੀ ਜਾਂਦੀ ਸੀ। ਪਰ ਹੁਣ ਸਾਲਾਂ ਬਾਅਦ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ‘ਚ ਇਨ੍ਹਾਂ ਸਿਆਸੀ ਕਾਨਫਰੰਸਾਂ ਦਾ ਪ੍ਰਭਾਵ ਬਹੁਤ ਘੱਟ ਵੇਖਣ ਨੂੰ ਮਿਲਿਆ।

ਕਈ ਸਿੱਖ ਕਾਰਕੁਨਾਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਸ਼ਹੀਦੀ ਸਭਾ ‘ਚ ਸਿਆਸੀ ਕਾਨਫਰੰਸਾਂ ਦਾ ਵਿਰੋਧ ਕਰਨ ਲਈ ਚੱਲੀ ਔਨਲਾਈਨ ਮੁਹਿੰਮ ਤੋਂ ਬਾਅਦ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਵੀ ਇਸ ਲਈ ਹਾਮੀ ਭਰੀ। ਹਾਲਾਂਕਿ, ਕਿਸੇ ਸਿਆਸੀ ਆਗੂ ਦੇ ਭਾਸ਼ਣ ਦਾ ਵਿਰੋਧ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਟਾਈਮਜ਼ ਆਫ਼ ਇੰਡੀਆ ਇਸ ਬਾਰੇ ਗੱਲ ਕਰਦਿਆਂ ਆਪਣੀ ਇਕ ਰਿਪੋਰਟ ‘ਚ ਲਿਖਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜਦੋਂ 27 ਦਸੰਬਰ, 1953 ਦੇ ਸ਼ਹੀਦੀ ਜੋੜ ਮੇਲ ਮੌਕੇ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਦੀਵਾਨ ਹਾਲ ਤੋਂ ਸੰਗਤਾਂ ਨੂੰ ਸੰਬੋਧਨ ਕਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਕਈ ਸਿੱਖ ਕਾਰਕੁਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਸਾਬਕਾ ਪ੍ਰਧਾਨ ਮੰਤਰੀ ਜਦੋਂ ਸੰਗਤਾਂ ਨੂੰ ਸੰਬੋਧਨ ਕਰਨ ਲਈ ਹਾਲ ਵਿੱਚ ਪਹੁੰਚੇ ਤਾਂ ਕੁਝ ਸਿੱਖ ਨੌਜਵਾਨਾਂ ਨੇ ਮਾਈਕ ਹਟਾ ਦਿੱਤਾ। ਇਤੇਫ਼ਾਕ ਇਹ ਸੀ ਕਿ ਉਸ ਸਮੂਹ ‘ਚ ਮੌਜੂਦ ਹਰ ਕੋਈ ਉੱਚੇ ਅਹੁਦੇ ‘ਤੇ ਪਹੁੰਚ ਗਿਆ।

ਤਰਲੋਚਨ ਸਿੰਘ, ਜਿਨ੍ਹਾਂ ਨੇ ਨਹਿਰੂ ਦੇ ਬੋਲਣ ਤੋਂ ਪਹਿਲਾਂ ਮਾਇਕ ਹਟਾ ਦਿੱਤਾ ਸੀ, ਉਹ ਕਹਿੰਦੇ ਨੇ, “ਨਹਿਰੂ ਸਰਕਾਰ ਨੇ ਪੈਪਸੂ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਸੀ, ਜੋ ਭਾਰਤ ਦੀ ਪਹਿਲੀ ਗੈਰ-ਕਾਂਗਰਸੀ ਸਰਕਾਰ ਸੀ ਅਤੇ ਰਾਸ਼ਟਰਪਤੀ ਸ਼ਾਸਨ ਲਗਾਇਆ ਸੀ। ਅਕਾਲੀ ਦਲ ਤੇ ਹੋਰਨਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ। ਫਰਵਰੀ, 1954 ਨੂੰ ਚੋਣਾਂ ਹੋਣੀਆਂ ਸਨ ਅਤੇ ਕਾਂਗਰਸੀ ਆਗੂਆਂ ਨੇ ਸ਼ਹੀਦੀ ਜੋੜ ਮੇਲ ਨੂੰ ਚੋਣ ਲਾਭ ਲਈ ਵਰਤਣ ਦੇ ਇਰਾਦੇ ਨਾਲ ਨਹਿਰੂ ਨੂੰ ਉੱਥੇ ਬੋਲਣ ਲਈ ਸੱਦਾ ਦਿੱਤਾ।

ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੋਵਾਂ ਦੇ ਮੁਖੀ ਰਹੇ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ ਸੰਬੋਧਨ ਕਰਨ ਲਈ ਮੌਕੇ ਦੀ ਵਰਤੋਂ ਕਰਨਾ ਗਲਤ ਹੋਵੇਗਾ। ਇਸ ਤੋਂ ਇਲਾਵਾ, ਪੰਥਕ ਸਰਕਲ ਗੈਰ-ਕਾਂਗਰਸੀ ਸਰਕਾਰ ਦੀ ਬਰਖਾਸਤਗੀ ‘ਤੇ ਨਾਰਾਜ਼ ਸਨ।” ਤਰਲੋਚਨ ਸਿੰਘ ਫਿਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪ੍ਰੈਸ ਸਕੱਤਰ, ਰਾਜ ਸਭਾ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਉਪ-ਚੇਅਰਮੈਨ ਬਣੇ।

ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਜੋ ਅੱਜ ਵੀ ਸਿੱਖ ਅਤੇ ਪੰਜਾਬ ਦੇ ਮੁੱਦਿਆਂ ‘ਚ ਸਰਗਰਮ ਹਨ, ਉਹ ਦੱਸਦੇ ਨੇ ਕਿ ਜਦੋਂ ਪ੍ਰਧਾਨ ਮੰਤਰੀ ਦੀਵਾਨ ਹਾਲ ਪਹੁੰਚੇ ਅਤੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਸਨ, ਤਾਂ ਉਨ੍ਹਾਂ ਨੇ ਮਾਈਕ ਹਟਾ ਦਿੱਤਾ। ਭਾਵੇਂ ਪੁਲਿਸ ਨੇ ਉਨ੍ਹਾਂ ‘ਤੇ ਨਜ਼ਰ ਰੱਖੀ ਹੋਈ ਸੀ, ਪਰ ਫਿਰ ਵੀ ਉਨ੍ਹਾਂ ਵਿੱਚੋਂ ਕੁਝ ਲੋਕ ਹਾਲ ਵਿੱਚ ਜਾਣ ਵਿੱਚ ਕਾਮਯਾਬ ਹੋ ਗਏ ਅਤੇ ਪ੍ਰਧਾਨ ਮੰਤਰੀ ਨੂੰ ਸੁਣਨ ਲਈ ਉਤਸੁਕ ਹੋਣ ਦਾ ਬਹਾਨਾ ਕਰਦੇ ਹੋਏ ਸਟੇਜ ਦੇ ਨੇੜੇ ਪਹੁੰਚ ਗਏ। ਉਹ ਸਾਰੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਦਰਜਨ ਦੇ ਕਰੀਬ ਆਗੂ ਅਤੇ ਮੈਂਬਰ ਸਨ।

ਉਨ੍ਹਾਂ ਉਸ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਕਿ, “ਪੁਲਿਸ ਨੇ ਸਾਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਉੱਤੇ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ। ਸਾਡੇ ‘ਤੇ ਮੁਕੱਦਮਾ ਚਲਾਇਆ ਗਿਆ ਅਤੇ ਕੈਦ ਦੀ ਸਜ਼ਾ ਸੁਣਾਈ ਗਈ। ਬਾਅਦ ਵਿੱਚ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਸਾਡੀ ਸਜ਼ਾ ਨੂੰ ਘਟਾ ਦਿੱਤਾ। ਸਾਡੇ ਵਿੱਚੋਂ ਬਹੁਤੇ ਮਹਿੰਦਰਾ ਕਾਲਜ, ਪਟਿਆਲਾ ਦੇ ਵਿਦਿਆਰਥੀ ਸਨ। ਇੱਥੋਂ ਤੱਕ ਕਿ ਵਿਦੇਸ਼ੀ ਮੀਡੀਆ ਨੇ ਵੀ ਇਸ ਘਟਨਾ ਦੀ ਰਿਪੋਰਟ ਕੀਤੀ ਕਿਉਂਕਿ ਇਹ ਬਹੁਤ ਅਸਾਧਾਰਨ ਸੀ ਕਿ ਪ੍ਰਧਾਨ ਮੰਤਰੀ ਨਹਿਰੂ ਨੂੰ ਕੁਝ ਸਿੱਖ ਨੌਜਵਾਨਾਂ ਦੁਆਰਾ ਇੱਕ ਸਮਾਗਮ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।”

ਹਰਵਿੰਦਰ ਸਿੰਘ ਖਾਲਸਾ ਜੋ ਕਿ ਇੱਕ AISSF ਆਗੂ, ਲੇਖਕ ਅਤੇ ਸਮਕਾਲੀ ਸਿੱਖ ਧਾਰਮਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਘਟਨਾਵਾਂ ਦੇ ਇਤਿਹਾਸਕਾਰ ਹਨ ਉਨ੍ਹਾਂ ਨੇ ਕਿਹਾ ਕਿ 9 ਸਿੱਖ ਨੌਜਵਾਨਾਂ ਉੱਤੇ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਚਲਾਇਆ ਗਿਆ ਸੀ। “ਤਰਲੋਚਨ ਸਿੰਘ ਤੋਂ ਇਲਾਵਾ, ਇਸ ਕੇਸ ਵਿੱਚ ਮੁਕੱਦਮਾ ਅਤੇ ਸਜ਼ਾ ਸੁਣਾਏ ਗਏ ਹੋਰਨਾਂ ਵਿੱਚ ਗੁਰਸੇਵਕ ਸਿੰਘ, ਜੋ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਬਣੇ, ਅਮਰਜੀਤ ਸਿੰਘ ਆਹਲੂਵਾਲੀਆ, ਜੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਬਣੇ, ਆਤਮਾ ਸਿੰਘ ਜੋ ਅਕਾਲੀ ਸਰਕਾਰ ਵਿਚ ਮੰਤਰੀ ਬਣੇ ਅਤੇ ਉਨ੍ਹਾਂ ਦੀ ਧੀ ਡਾ: ਉਪਿੰਦਰਜੀਤ ਕੌਰ, ਜੋ ਖੁਦ ਮੰਤਰੀ ਰਹੀ, ਬੇਦੀ ਗੁਰਬਖਸ਼ ਸਿੰਘ, ਗੁਰਦਿਆਲ ਸਿੰਘ, ਗਿਆਨੀ ਮੋਹਰ ਸਿੰਘ (ਪੰਜਾਬੀ ਪੱਤਰਕਾਰ), ਜਗਦੀਪ ਸਿੰਘ ਕੰਗ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ ਬਾਬਾ ਬਚਿੱਤਰ ਸਿੰਘ ਦਾ ਨਾਮ ਸ਼ਾਮਲ ਹੈ।

ਹਰਵਿੰਦਰ ਸਿੰਘ ਖਾਲਸਾ ਮੁਤਾਬਕ ਇਹ ਅੰਦਾਜ਼ਾ ਸੀ ਕਿ ਫਤਹਿਗੜ੍ਹ ਸਾਹਿਬ ਵਿੱਚ ਲਗਭਗ ਦੋ ਲੱਖ ਸ਼ਰਧਾਲੂ ਮੌਜੂਦ ਸਨ ਅਤੇ ਜਵਾਹਰਲਾਲ ਨਹਿਰੂ ਨੇ 27 ਦਸੰਬਰ 1953 ਦੀ ਸਵੇਰ ਨੂੰ ਗੁਰਦੁਆਰੇ ਤੋਂ ਉਨ੍ਹਾਂ ਨੂੰ ਸੰਬੋਧਨ ਕਰਨਾ ਸੀ। ਪਰ ਇਸ ਵਜ੍ਹਾ ਤੋਂ ਸ਼ਰਮਿੰਦਾ ਹੋਈ ਸਰਕਾਰ ਅਤੇ ਪੁਲਿਸ ਇੰਨੀ ਗੁੱਸੇ ਵਿੱਚ ਸੀ ਕਿ ਉਨ੍ਹਾਂ ਸਿੱਖ ਕਾਰਕੁਨਾਂ ਨੂੰ 36 ਦਿਨਾਂ ਤੱਕ ਜੇਲ੍ਹਾਂ ਵਿੱਚ ਬੰਦ ਰੱਖਿਆ।”

26 ਦਸੰਬਰ 1953 ਦੀ ਰਾਤ ਨੂੰ ਮਾਸਟਰ ਤਾਰਾ ਸਿੰਘ ਨੇ ਨਹਿਰੂ ਦਾ ਵਿਰੋਧ ਕਰਨ ਦਾ ਹੋਕਾ ਦਿੱਤਾ ਅਤੇ ਉਨ੍ਹਾਂ ਸਿੱਖ ਨੌਜਵਾਨਾਂ ਨੇ ਇਸ ਨੂੰ ਅੰਜਾਮ ਦਿੱਤਾ। ਬਾਅਦ ਵਿੱਚ, ਅਕਾਲੀ ਆਗੂ ਨੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਆਪਣੇ ਚੰਗੇ ਸੰਬੰਧਾਂ ਦੀ ਵਰਤੋਂ ਕਰਕੇ ਸਜ਼ਾ ਨੂੰ ਘਟਾ ਦਿੱਤਾ।” ਹਰਵਿੰਦਰ ਸਿੰਘ ਖਾਲਸਾ ਅੱਗੇ ਦੱਸਦੇ ਨੇ ਕਿ ਸ਼ਹੀਦੀ ਜੋੜ ਮੇਲ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਨ ਵਾਲੇ ਕਿਸੇ ਸਿਆਸਤਦਾਨ ਦੇ ਵਿਰੋਧ ਦੀ ਇਹ ਪਹਿਲੀ ਘਟਨਾ ਸੀ।

ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਵੀ 1980 ਵਿੱਚ ਸ਼ਹੀਦੀ ਜੋੜ ਮੇਲ ਵਿੱਚ ਵਾਪਰੀ ਇੱਕ ਘਟਨਾ ਨੂੰ ਯਾਦ ਕੀਤਾ ਜਦੋਂ ਉਸ ਸਮੇਂ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਇੱਕ ਧਾਰਮਿਕ ਆਗੂ ਦੁਆਰਾ ਵੱਖਰੇ ਤੌਰ ‘ਤੇ ਆਯੋਜਿਤ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਅਤੇ ਕਿਸੇ ਨੇ ਬਿਜਲੀ ਸਪਲਾਈ ਕੱਟ ਦਿੱਤੀ ਸੀ।

ਬੀਰ ਦਵਿੰਦਰ 1980 ਵਿੱਚ ਸਰਹਿੰਦ ਤੋਂ ਵਿਧਾਇਕ ਸਨ ਅਤੇ ਦਰਬਾਰਾ ਸਿੰਘ ਦੇ ਨਾਲ ਸਨ। ਤਾਂ ਉਸ ਸਮੇਂ ਤੋਂ ਹੀ ਸ਼ਹੀਦੀ ਸਭਾ ‘ਚ ਸਿਆਸੀ ਕਾਨਫਰੰਸਾਂ ਦਾ ਵਿਰੋਧ ਹੁੰਦਾ ਆ ਰਿਹਾ ਹੈ, ਹਾਲਾਂਕਿ ਉਸ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਨੇ ਸ਼ਹੀਦੀ ਸਭਾ ‘ਚ ਕਾਨਫਰੰਸਾਂ ਲਾ ਸੰਬੋਧਨ ਵੀ ਕੀਤੇ। ਪਰ ਹਾਲ ਹੀ ਦੇ ਸਾਲਾਂ ‘ਚ ਇਹ ਪ੍ਰਭਾਵ ਘਟਿਆ ਤੇ ਇਸ ਵਾਰ ਸ਼ਹੀਦੀ ਜੋੜ ਮੇਲ ਪੂਰੀ ਤਰ੍ਹਾਂ ਗ਼ੈਰ-ਸਿਆਸੀ ਰਿਹਾ।

Scroll to Top