ਲਿਖਾਰੀ
ਗੰਗਵੀਰ ਸਿੰਘ ਰਾਠੌਰ
ਪ੍ਰਕਾਸ਼ ਸਿੰਘ ਬਾਦਲ (Parkash Singh Badal) ਚਾਹੇ ਆਪਣੇ ਆਪ ਵਿਚ ਇੱਕ ਰਾਜਨੀਕਤ ਸੰਸਥਾਨ ਸਨ ਪਰ ਇਹ ਉਸ ਰਾਜਨੀਤਕ ਇਨਸਾਨ ਦੀ ਬਦਨਸੀਬੀ ਹੀ ਹੋਵੇਗੀ ਕੇ ਅਖੀਰ ਆਪਣੇ ਲੋਕਾਂ ਦਾ ਭਰੋਸਾ ਗਵਾ ਲਿਆ ਅਤੇ ਇੱਕ ਡੇਰੇ ਕਰਕੇ ਕਲੰਕ ਖੱਟ ਕੇ ਗਏ ਅਤੇ ਜਿਹੜਾ ਦਾਗ ਉਹਨਾਂ ਸਿਰ ਲੱਗਾ ਉਹ ਧੋ ਨਹੀਂ ਸਕੇ, ਚਾਹੇ ਉਹਨਾਂ ਜਿੰਦਗੀ ਵਿਚ ਲੰਮੀ ਉਮਰ ਹੰਢਾਈ ਅਤੇ ਭਰਿਆ ਫੁਲਿਆ ਟੱਬਰ ਛੱਡ ਕੇ ਗਏ ਪਰ ਦਾਗੀ ਹੋ ਕੇ ਇਸ ਦੁਨੀਆਂ ਤੋਂ ਜਾਣਾ ਨਮੋਸ਼ੀ ਵਰਗਾ ਹੀ ਹੈ।
ਪੰਜਾਬ ਵਿਚ ਅਕਾਲੀ ਰਾਜਨੀਤੀ ਮੋਰਚਿਆਂ ਤੋਂ ਖੜ੍ਹੀ ਹੋਈ ਬਾਦਲ ਸਾਬ ਨੇ ਵੀ ਮੋਰਚਿਆਂ ਅਤੇ ਐਮਰਜੰਸੀ ਦੇ ਵਿਰੋਧ ਵਿਚ ਜੇਲ੍ਹਾਂ ਵਿਚ ਜਾ ਕੇ ਕੈਦ ਕੱਟੀ ਅਤੇ ਇਹ ਗੱਲਾਂ ਨੇ ਉਹਨਾਂ ਨੂੰ ਜਿੰਦਗੀ ਵਿਚ ਅਕਾਲੀ ਦੱਲ ਦੇ ਆਮ ਪੇਂਡੂ ਕੈਡਰ ਨਾਲ ਜੋੜ੍ਹਿਆ, ਮੈਂ ਦੇਖਦਾ ਰਿਹਾ ਹਾਂ ਕੇ ਪੰਜਾਬ ਦੇ ਹਰੇਕ ਪਿੰਡ ਵਿਚ ਅਜਿਹੇ ਅਕਾਲੀ ਸਨ ਜਿਹਨਾਂ ਨੇ ਐਮਰਜੰਸੀ ਜਾਂ ਪੰਜਾਬੀ ਸੂਬਾ ਮੋਰਚਾ ਵਿਚ ਜੇਲ੍ਹ ਕੱਟੀ ਹੋਈ ਸੀ ਅਤੇ ਅਜਿਹੇ ਬਜ਼ੁਰਗਾਂ ਵਿਚੋਂ ਜ਼ਿਆਦਾਤਰ ਨੂੰ ਬਾਦਲ ਸਾਬ ਉਸ ਪਿੰਡ ਦੇ ਮੋਹਤਵਾਰ ਅਕਾਲੀਆਂ ਵਜੋਂ ਜਾਣਕਾਰ ਸਨ, ਇਸੇ ਰਾਜਨੀਤੀ ਨੇ ਪੰਜ ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ, ਅਕਾਲੀ ਦੱਲ ਦੀ ਰੀੜ੍ਹ ਦੀ ਹੱਡੀ ਉਹ ਬਜ਼ੁਰਗ ਸਨ ਜਿਹੜੇ ਪਿੰਡਾਂ ਵਿਚ ਅਕਾਲੀ ਦੱਲ ਨਾਲ ਬਿਨਾਂ ਕਿਸੇ ਲਾਲਚ ਦੇ ਜੁੜੇ ਹੋਏ ਸਨ।
ਜ਼ਿਆਦਾਤਰ ਅਜਿਹੇ ਲੋਕਾਂ ਦਾ ਆਪਣੇ ਸਥਾਨਕ ਐੱਮ.ਐੱਲ.ਏ ਨਾਲ ਕੋਈ ਖਾਸ ਰਾਬਤਾ ਵੀ ਨਹੀਂ ਹੁੰਦਾ ਸੀ ਪਰ ਉਹਨਾਂ ਲੋਕਾਂ ਨੇ ਪਿੰਡਾਂ ਵਿਚ ਅਕਾਲੀ ਰਾਜਨੀਤੀ ਨੂੰ ਜਿਉਂਦਾ ਰੱਖਿਆ ਹੋਇਆ ਸੀ, ਸਮੇਂ ਦੇ ਨਾਲ ਅਜਿਹੇ ਬਾਬੇ ਵੀ ਜਹਾਨ ਤੋਂ ਚੱਲੇ ਗਏ ਅਤੇ ਉਹਨਾਂ ਦੀ ਥਾਂ ਅਕਾਲੀ ਦੱਲ ਵਿਚ ਨਵਾਂ ਕੈਡਰ ਆਇਆ ਇਹ ਰਵਾਇਤੀ ਅਕਾਲੀਆਂ ਤੋਂ ਵੱਖ ਸੀ, ਰੇਤਾ ਬਜਰੀ ਕਾਰੋਬਾਰੀ, ਬਲੈਕੀਏ ਕੈਡਰ 2012 ਦੇ ਦੌਰ ਤੋਂ ਵਿਚ ਅਕਾਲੀ ਦੱਲ ਵਿਚ ਦਾਖਲ ਹੁੰਦਾ ਹੈ, ਜਿਸਦਾ ਨਾ ਤਾਂ ਕੋਈ ਰਾਜਨੀਤਕ ਵਿਚਾਰ ਸੀ ਅਤੇ ਉਹਨਾਂ ਨੂੰ ਮਤਲਬ ਸਿਰਫ ਸੱਤਾ ਤਕ ਸੀ ਇਹੋ ਉਹ ਦੌਰ ਸੀ ਜਿਸਤੋ ਬਾਦਲ ਪਰਿਵਾਰ ਦਾ ਰਾਜਨੀਤਕ ਪਤਨ ਵੀ ਸ਼ੁਰੂ ਹੋ ਗਿਆ।
ਪੰਜਾਬ ਵਿਚ ਇਤਿਹਾਸਕ ਯਾਦਗਾਰਾਂ ਹੋਣ ਜਾਂ ਪੰਜਾਬ ਵਿਚ ਸੜਕ ਨੈੱਟਵਰਕ ਮਜ਼ਬੂਤ ਕਰਨਾ ਇਹ ਅਕਾਲੀ ਦੱਲ ਦੀ ਦੇਣ ਰਹੀ ਹੈ, ਬਾਦਲ ਸਾਹਬ ਨੇ ਪੰਜਾਬ ਦੀ ਗਰੀਬ ਅਬਾਦੀ ਲਯੀ PDS ਸਿਸਟਮ ਦੀ ਬਹੁਤ ਸੋਹਣੀ ਵਰਤੋਂ ਕਰਕੇ ਆਟਾ ਦਾਲ ਸਕੀਮ ਸ਼ੁਰੂ ਕੀਤੀ, ਜਿਸਨੇ 20 ਲੱਖ ਤੋਂ ਵੱਧ ਟੱਬਰਾਂ ਨੂੰ ਫਾਇਦਾ ਕਰ ਰਿਹਾ ਸੀ।
ਮੈਨੂੰ ਇੱਕ ਕਾਮਰੇਡ ਮਿੱਤਰ ਨੇ ਚੰਡੀਗੜ੍ਹ ਇੱਕ ਫਿਜੀ ਮੂਲ ਦੇ ਅਮਰੀਕਨ ਪੰਜਾਬੀ ਨੌਜਵਾਨ ਮਿਲਾਇਆ ਜਿਹੜਾ ਅਮਰੀਕਾ ਦੀ ਇੱਕ ਨਾਮਵਰ ਯੂਨੀਵਰਸਿਟੀ ਤੋਂ ਆਟਾ ਦਾਲ ਸਕੀਮ ਤੇ phd ਕਰ ਰਿਹਾ ਸੀ, ਉਹ ਪੰਜਾਬ ਘੁੰਮ ਕੇ ਆਮ ਕਿਰਤੀਆਂ ਵਿਚ, ਦਲਿਤਾਂ ਵਿਚ ਇਸ ਸਕੀਮ ਦਾ ਫਾਇਦਾ ਦੇਖ ਦਾ ਫਿਰਦਾ ਸੀ, ਤਾਂ ਉਸ ਮੁੰਡੇ ਨੇ ਦੱਸਿਆ ਕੇ ਇਸ ਕੰਮ ਨੇ ਇਕ ਦਿਹਾੜੀ ਦਾਰ ਬੰਦੇ ਨੂੰ ਸਨਮਾਨ ਨਾਲ ਰੋਟੀ ਖਾਣ ਦਾ ਹੱਕ ਦਿੱਤਾ ਹੈ।
ਅੱਜ ਸੱਤਾ ਵਿਚ ਮਜੂਦ ਧਿਰ ਉਸ ਦੌਰ ਵਿਚ ਆਟਾ ਦਾਲ ਸਕੀਮ ਨੂੰ ਭੀਖ ਕਹਿ ਰਹੀ ਸੀ, ਜਿਸ ਵਿਚ ਅੱਜ ਵਿਦੇਸ਼ ਵਿਚ ਬੈਠੇ ਬਹੁਤੇ ਲੋਕ ਵੀ ਸ਼ਾਮਲ ਹਨ ਜਿਹੜੇ ਖੁਦ ਆਪਣੀਆਂ ਸਰਕਾਰਾਂ ਕੋਲੋ ਜਵਾਕ ਦੇ ਦੁੱਧ ਦੇ ਪਾਊਡਰ ਦੇ ਵੀ ਪੈਸੇ ਲੈਂਦੇ ਹਨ ਉਹ ਆਟਾ ਦਾਲ ਸਕੀਮ ਨੂੰ ਬਦਨਾਮ ਮਜੂਦਾ ਇਨਕਲਾਬ ਦੇ ਭੰਡੀ ਪ੍ਰਚਾਰ ਵਿਚ ਕਰ ਰਹੇ ਸਨ, ਪਰ ਅਕਾਲੀ ਸਰਕਾਰ ਤੋਂ ਬਾਅਦ ਕਾਂਗਰਸ ਅਤੇ ਮਜੂਦਾ ਸਰਕਾਰ ਨੇ ਵੀ ਉਸ ਸਕੀਮ ਨੂੰ ਚਾਲੂ ਰੱਖਿਆ ਹੋਇਆ ਹੈ, ਜੇਕਰ ਦੇਖਿਆ ਜਾਵੇ ਤਾਂ 300 ਯੂਨੀਟ ਬਿਜਲੀ ਵੀ ਆਟਾ ਦਾਲ ਸਕੀਮ ਦੀ ਹੀ ਇੱਕ ਐਕਸਟੇਂਸ਼ਨ ਹੈ, ਅਕਾਲੀਆਂ ਵੇਲੇ ਦਲਿਤਾਂ ਅਤੇ ਆਰਥਕ ਪੱਖੋਂ ਕਮਜ਼ੋਰ ਲੋਕਾਂ ਦੇ ਬਿੱਲ ਮਾਫ ਸਨ ਪਰ ਇਨਕਲਾਬ ਨੇ ਪਹਿਲਾ ਇਸ ਸਕੀਮ ਨੂੰ ਮੁਫ਼ਤ ਖ਼ੋਰੀ ਕਹਿ ਕੇ ਭੰਡਿਆਂ ਪਰ ਓਹੀ ਮਾਡਲ ਦਿੱਲੀ ਅਤੇ ਪੰਜਾਬ ਵਿਚ ਲਾਗੂ ਵੀ ਕੀਤਾ।
ਅਕਾਲੀ ਸਿਆਸਤ ਨੂੰ ਸਭ ਤੋਂ ਮਾੜ੍ਹਾ ਦੌਰ ਆਪਣੀ ਹੀ ਸਰਕਾਰ ਦੌਰਾਨ ਹੋਈ ਬੇਅਦਬੀ ਵੇਲੇ ਧਰਨਾ ਦੇ ਰਹੇ ਸਿੱਖਾਂ ਉੱਪਰ ਗੋਲੀ ਚਲਵਾਉਣ ਕਰਕੇ ਦੇਖਣਾ ਪਿਆ, ਇਹ ਅਜਿਹਾ ਦਾਗ ਸੀ ਜਿਸਨੇ ਪਰਕਾਸ਼ ਸਿੰਘ ਬਾਦਲ ਦੀ 50 -60 ਸਾਲ ਤੋਂ ਵੀ ਵੱਡੀ ਰਾਜਨੀਤੀ ਦਾ ਭੋਗ ਪਾਉਣਾ ਸ਼ੁਰੂ ਕੀਤਾ, ਮੈਂ ਹਮੇਸ਼ਾ ਮੰਨਿਆ ਹੈ ਕੇ ਕੋਈ ਸਿੱਖ ਚਾਹੇ ਉਹ ਲੱਖ ਬਈਮਾਨ ਹੋਵੇ ਪਰ ਜੇਕਰ ਉਹ ਮਾਨਸਕ ਪੱਖੋਂ ਬੀਮਾਰ ਨਾ ਹੋਵੇ ਤਾਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰੇਗਾ, ਪਰ ਅਕਾਲੀ ਸਰਕਾਰ ਵੇਲੇ ਹੋਈ ਬੇਅਦਬੀ ਜਿਸ ਵਿਚ ਮਾਲਵੇ ਵਿਚ ਰਸੂਖ ਰੱਖਣ ਵਾਲਾ ਇੱਕ ਡੇਰਾ ਸਿੱਧੇ ਤੌਰ ਤੇ ਸ਼ਾਮਲ ਸੀ ਉਸਨੂੰ ਰਾਜਨੀਤਕ ਤੌਰ ਤੇ ਸ਼ਹਿ ਦੇਣੀ ਹੀ ਬਾਦਲ ਸਾਹਿਬ ਲਯੀ ਇਕ ਕਲੰਕ ਬਣ ਗਈ, ਦੂਸਰੇ ਪਾਸੇ ਸਿੱਖਾਂ ਨੂੰ ਇਹ ਮੰਨ ਲਿਆ ਗਿਆ ਕੇ ਇਹ ਕਿਹੜਾ ਕਿਸੇ ਹੋਰ ਪਾਸੇ ਜਾਣੇ ਹਨ, ਪਰ ਇਸ ਘਟਨਾ ਤੋਂ ਬਾਅਦ ਜਿੱਥੇ ਸਿੱਖਾਂ ਦੇ ਬਹੁਗਿਣਤੀ ਹਿੱਸੇ ਦਾ ਅਕਾਲੀ ਦੱਲ ਤੋਂ ਮੋਹ ਭੰਗ ਹੋਇਆ ਉੱਥੇ ਅਕਾਲੀ ਦਲ ਨੇ ਵੀ ਬੇਅਦਬੀ ਸਿੱਖਾਂ ਦੇ ਸਿਰ ਮੜ੍ਹਣ ਦੀ ਕੋਸ਼ਿਸ਼ ਕੀਤੀ ਪਰ ਇਸਦਾ ਅਸਰ ਇਹ ਹੋਇਆ ਕੇ ਬੇਅਦਵੀ ਦਾ ਕਲੰਕ ਬਾਦਲ ਪਰਿਵਾਰ ਦੇ ਸਿਰ ਹੀ ਮੜ੍ਹ ਹੋ ਗਿਆ ਅਤੇ ਜਿਸਦੇ ਕਰਕੇ ਅਖੀਰ ਤਕ ਬਹਿਬਲ ਗੋਲੀ ਕਾਂਡ ਲਈ ਬਾਦਲ ਸਾਬ ਨਾਮਜਦ ਰਹੇ।
ਜੇਕਰ ਉਹ (Parkash Singh Badal) ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਵੀ ਰਹੇ ਤਾਂ ਪੰਜਾਬ ਦੇ ਰਾਜਸੀ ਮਸਲਿਆਂ ਨੂੰ ਕੇਂਦਰ ਵਿਚ ਭਾਈਵਾਲ ਹੁੰਦੇ ਹੋਏ ਵੀ ਹੱਲ ਕਰਨ ਦੀ ਥਾਂ ਸਿਫਰ ਕਰਨ ਦੀ ਕੋਸ਼ਿਸ਼ ਕੀਤੀ, ਜਿਸਦਾ ਸਿੱਟਾ ਇਹ ਨਿਕਲਿਆ ਕੇ ਸਿੱਖਾਂ ਦਾ ਵੱਡਾ ਹਿੱਸਾ ਹਿੱਸਾ ਅਕਾਲੀ ਦਲ ਨੂੰ ਇੱਕ ਖ਼ਲਨਾਇਕ ਵਜੋਂ ਦੇਖਣਾ ਸ਼ੁਰੂ ਹੋ ਗਿਆ।
ਗੱਲ 2017 ਦੀਆਂ ਚੋਣਾਂ ਦੀ ਸੀ ਇੱਕ ਅਕਾਲੀ ਮੇਰੇ ਕੋਲ ਵੋਟਾ ਦੇ ਦੌਰ ਵਿਚ ਆਇਆ ਅਤੇ ਕਹਿਣ ਲੱਗਾ ਕੇ ਸਾਡੀ ਸਰਕਾਰ ਨੇ ਬੇਅਦਬੀ ਮਸਲੇ ਤੇ ਚੰਗਾ ਕੰਮ ਨਹੀਂ ਕੀਤਾ ਅਤੇ ਸਾਡਾ ਲੋਕਾਂ ਦੇ ਘਰਾਂ ਵਿਚ ਦਾਖਲ ਹੋਣਾ ਔਖਾ ਹੋਇਆ ਪਿਆ ਹੈ, ਕਹਿੰਦਾ ਲੋਕਾਂ ਨੂੰ ਸਾਡੇ ਕੀਤੇ ਕੰਮਾਂ ਤੋਂ ਕੋਈ ਰੋਸ ਨਹੀ ਪਰ ਜਦੋਂ ਗੱਲ ਬੇਅਦਬੀ ਦੀ ਆਉਂਦੀ ਹੈ ਗੋਲੀ ਕਾਂਡ ਦੀ ਆਉਂਦੀ ਹੈ ਤਾਂ ਅਸੀਂ ਬੋਲ ਨਹੀਂ ਪਾਉਂਦੇ ਹਾਂ ਇਹ ਅਜਿਹੀ ਘਟਨਾ ਸੀ ਜਿਸਨੇ ਸੱਤਾ ਭੋਗ ਰਹੇ ਨਵੇਂ ਰੇਤ ਬਜਰੀ ਅਤੇ ਕਾਰੋਬਾਰੀ ਲੋਕਾ ਨੂੰ ਬੇਅਦਬੀ ਦੇ ਬਹਾਨੇ ਕ੍ਰਾਸ ਵੋਟਿੰਗ ਕਰਵਾ ਕੇ ਦੂਸਰੀ ਥਾਂ ਸੈਟਿੰਗ ਕਰਵਾਉਣ ਦਾ ਮੌਕਾ ਦੇ ਦਿੱਤਾ ਸਾਡੇ ਵੀ ਉਸ ਦੌਰ ਵਿਚ ਅਜਿਹਾ ਹੀ ਹੋਇਆ ਸੀ ਕੇ ਕਾਰੋਬਾਰੀ ਅਕਾਲੀਆਂ ਨੇ ਆਪੋ ਆਪਣੇ ਹਲਕੇ ਵਿਚ ਆਪਣੀਆਂ ਸਥਾਨਕ ਸੈਟਿੰਗਾਂ ਲੱਭਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਜ ਸਾਲ ਵਿਚ ਜ਼ਿਆਦਾਤਰ ਇੰਕਲਾਬ ਦੀ ਪੌੜੀ ਚੜ੍ਹ ਗਏ ਜਾਂ ਅੰਦਰਖਾਤੇ ਹੀ ਸੈਟਿੰਗ ਲਾ ਕੇ ਬੈਠ ਗਏ।
2022 ਦੀ ਚੋਣਾਂ ਨੇ ਜੇਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਮੋਸ਼ੀ ਭਰੀ ਰਾਜਨੀਤਕ ਵਿਦਾਈ ਦਿੱਤੀ ਤਾਂ ਇਸ ਪਿੱਛੇ ਬੇਅਦਬੀ ਗੋਲੀ ਕਾਂਡ ਤੋਂ ਬਾਅਦ ਖੜ੍ਹਾ ਹੋਇਆ ਹੋਇਆ ਰੋਸ ਹੀ ਸੀ ਜਿਸਨੂੰ ਸਹੀ ਢੰਗ ਨਾਲ ਪਛਾਣ ਕਰਨ ਵਿਚ ਪ੍ਰਕਾਸ ਸਿੰਘ ਬਾਦਲ ਵਰਗੇ ਰਾਜਨੀਤਕ ਧੁਰੰਦਰ ਵੀ ਭੁਲੇਖਾ ਖਾ ਗਏ, ਅਖੀਰ ਇਸ ਦੁਨੀਆ ਤੋਂ ਸਭ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ ਪਰ ਇਸ ਤਰ੍ਹਾਂ ਆਪਣੇ ਲੋਕਾਂ ਦਾ ਹੀ ਦਾਗ ਲਗਾ ਕੇ ਜਾਣਾ ਆਪਣੇ ਆਪ ਵਿਚ ਹੀ ਇੱਕ ਨਮੋਸ਼ੀ ਭਰੀ ਆਖਰੀ ਵਿਦਾਈ ਹੈ, ਸੋ ਰੱਬ ਇਸ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਉਹਨਾਂ ਦੇ ਜਾਨਸ਼ੀਨਾ ਨੂੰ ਸੁਮੱਤ ਬਖਸ਼ੇ ਕੇ ਲੋਕਾਂ ਤੋਂ ਬਿਨਾਂ ਚਾਹੇ ਵੱਡੀ ਮਾਇਆ ਹੋਵੇ ਜਾਂ ਕਾਰੋਬਾਰ ਹਮੇਸ਼ਾ ਲੋਕਾਂ ਦਾ ਯਕੀਨ ਜਿੱਤਣ ਨਾਲ ਹੀ ਬੰਦਾ ਵੱਡਾ ਹੁੰਦਾ ਹੈ ਪ੍ਰਕਾਸ਼ ਸਿੰਘ ਬਾਦਲ ਜਿੰਦਗੀ ਵਿਚ ਵੱਡਾ ਵੀ ਲੋਕਾਂ ਕਰਕੇ ਹੋਇਆ ਅਤੇ ਅਖੀਰ ਆਪਣੇ ਲੋਕਾਂ ਦਾ ਹੀ ਰੋਸ ਉਹਨਾਂ ਨੂੰ ਅਖੀਰ ਨਮੋਸ਼ੀ ਭਰੇ ਅਖੀਰ ਤਕ ਲੈ ਗਿਆ।
ਇਹ ਰਾਮਾਇਣ ਦੀ ਕਹਾਣੀ ਦਾ ਅਖੀਰ ਵਰਗਾ ਹੈ ਜਦੋੰ ਰਾਵਣ ਮਰਨ ਕੰਢੇ ਸੀ ਅਤੇ ਰਾਜਾ ਰਾਮ ਲੱਛਮਨ ਨੂੰ ਮਹਾਰਾਜਾ ਰਾਵਣ ਕੋਲ ਨੀਤੀ ਦੀ ਕੋਈ ਗੱਲ ਸਿੱਖਣ ਨੂੰ ਭੇਜਦੇ ਹਨ ਤਾਂ ਰਾਵਣ ਇਹੋ ਕਹਿੰਦਾ ਹੈ ਕੇ ਲੱਛਮਨ ਰਾਮ ਇਸ ਕਰਕੇ ਯੁੱਧ ਵਿਚ ਜਿੱਤਿਆ ਕਿਉਂਕਿ ਉਸਦੇ ਆਪਣੇ ( ਭਰਾ ) ਨਾਲ ਸੀ ਅਤੇ ਮੈਂ ਇਸ ਕਰਕੇ ਹਾਰ ਗਿਆ ਕਿਉਂਕਿ ਮੇਰੇ ਆਪਣੇ ( ਭਰਾ ) ਹੀ ਮੇਰੇ ਖਿਲਾਫ ਸਨ, ਸੋ ਇਹ ਓਹੀ ਗੱਲ ਹੈ ਜੋ ਹਰ ਦੌਰ ਵਿਚ ਹਰ ਥਾਂ ਲਾਗੂ ਹੁੰਦੀ ਹੈ |