ਚੰਡੀਗੜ੍ਹ 9 ਮਾਰਚ 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਂਧਰਾ ਪ੍ਰਦੇਸ਼ (Andhra Pradesh) ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੂਬੇ ਵਿੱਚ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਆਪੋ-ਆਪਣੀ ਸ਼ਤਰੰਜ ਵਿਛਾਉਣ ਵਿਚ ਰੁੱਝੀਆਂ ਹੋਈਆਂ ਹਨ। ਇਸ ਲੜੀ ‘ਚ ਸ਼ਨੀਵਾਰ ਨੂੰ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਚੰਦਰਬਾਬੂ ਨਾਇਡੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਚੰਦਰਬਾਬੂ ਨਾਇਡੂ ਦੀ ਪ੍ਰਤੀਕਿਰਿਆ ਆਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ, ਟੀਡੀਪੀ ਅਤੇ ਜਨ ਸੈਨਾ ਪਾਰਟੀ (ਜੇਐਸਪੀ) ਵਿਚਾਲੇ ਚੋਣਾਂ ਵਿੱਚ ਗੱਠਜੋੜ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਨਾਇਡੂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ (Andhra Pradesh) ਬੁਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ। ਭਾਜਪਾ ਅਤੇ ਟੀਡੀਪੀ ਦਾ ਇਕੱਠੇ ਆਉਣਾ ਦੇਸ਼ ਅਤੇ ਸੂਬੇ ਲਈ ਫਾਇਦੇਮੰਦ ਹੋਵੇਗਾ।
ਆਂਧਰਾ ਪ੍ਰਦੇਸ਼ ਵਿੱਚ ਟੀਡੀਪੀ ਅਤੇ ਜਨ ਸੈਨਾ ਪਾਰਟੀ ਵਿਚਾਲੇ ਗਠਜੋੜ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਹਾਲਾਂਕਿ ਗਠਜੋੜ ਦੇ ਨਵੇਂ ਸਮੀਕਰਨ ਦਾ ਫਾਰਮੂਲਾ ਕੀ ਹੋਵੇਗਾ, ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਸ਼ਨੀਵਾਰ ਨੂੰ ਮੁਲਾਕਾਤ ਕੀਤੀ। ਇਹ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਵੀਂ ਦਿੱਲੀ ਸਥਿਤ ਸਰਕਾਰੀ ਰਿਹਾਇਸ਼ ‘ਤੇ ਹੋਈ।
ਆਂਧਰਾ ਪ੍ਰਦੇਸ਼ ਦੀ 175 ਮੈਂਬਰੀ ਵਿਧਾਨ ਸਭਾ ਵਿੱਚ ਇਸ ਸਮੇਂ ਵਾਈਐਸਆਰ ਕਾਂਗਰਸ ਕੋਲ ਬਹੁਮਤ ਹੈ। YSR ਕਾਂਗਰਸ ਦੇ 147 ਵਿਧਾਇਕ ਹਨ। ਇਸ ਦੇ ਨਾਲ ਹੀ ਮੁੱਖ ਵਿਰੋਧੀ ਪਾਰਟੀ ਟੀਡੀਪੀ ਕੋਲ ਸਿਰਫ਼ 18 ਵਿਧਾਇਕ ਹਨ। ਅਭਿਨੇਤਾ ਪਵਨ ਕਲਿਆਣ ਦੀ ਜਨਸੇਨਾ ਪਾਰਟੀ (JSP) ਤੋਂ ਵਿਧਾਇਕ ਹੈ। ਫਿਲਹਾਲ ਨੌਂ ਸੀਟਾਂ ਖਾਲੀ ਹਨ। ਭਾਵ ਸੂਬੇ ਦੀਆਂ ਹੋਰ ਪ੍ਰਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਕੋਲ ਇੱਕ ਵੀ ਵਿਧਾਇਕ ਨਹੀਂ ਹੈ।