ਚੰਡੀਗੜ੍ਹ, 01 ਮਈ 2023: ਏ.ਆਰ ਰਹਿਮਾਨ (AR Rahman) ਦੇਸ਼ ਦੇ ਮਸ਼ਹੂਰ ਸੰਗੀਤਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਹਿੰਦੀ ਅਤੇ ਤਾਮਿਲ ਭਾਸ਼ਾ ਵਿੱਚ ਕਈ ਗੀਤ ਗਾਏ ਹਨ। ਗਾਇਕ ਦੀ ਆਵਾਜ਼ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਜਦੋਂ ਸਿੰਗਰ ਨੇ ਆਪਣੀ ਪਤਨੀ ਨੂੰ ਸਟੇਜ ‘ਤੇ ਤਮਿਲ ‘ਚ ਗੱਲ ਕਰਨ ਲਈ ਕਿਹਾ ਸੀ, ਉਦੋਂ ਤੋਂ ਹੀ ਉਹ ਸੁਰਖੀਆਂ ‘ਚ ਹਨ । ਹੁਣ ਹਾਲ ਹੀ ਵਿੱਚ ਖਬਰ ਆ ਰਹੀ ਹੈ ਕਿ ਏ.ਆਰ ਰਹਿਮਾਨ ਦੇ ਚੱਲ ਰਹੇ ਲਾਈਵ ਸ਼ੋਅ ਨੂੰ ਪੁਣੇ ਪੁਲਿਸ ਨੇ ਰੋਕ ਦਿੱਤਾ ਹੈ।
ਦਰਅਸਲ ਬੀਤੀ ਰਾਤ ਪੁਣੇ ਦੇ ਰਾਜਾ ਬਹਾਦੁਰ ਮਿੱਲ ਇਲਾਕੇ ‘ਚ ਏ.ਆਰ ਰਹਿਮਾਨ (AR Rahman) ਦਾ ਕੰਸਰਟ ਹੋ ਰਿਹਾ ਸੀ। ਇਸ ਦੌਰਾਨ ਹਜ਼ਾਰਾਂ ਲੋਕ ਉੱਥੇ ਮੌਜੂਦ ਸਨ ਜੋ ਉਸ ਲਾਈਵ ਸ਼ੋਅ ਦਾ ਆਨੰਦ ਲੈ ਰਹੇ ਸਨ। ਜਦੋਂ ਇਹ ਲਾਈਵ ਸ਼ੋਅ ਚੱਲ ਰਿਹਾ ਸੀ ਤਾਂ ਪੁਲਿਸ ਨੇ ਆ ਕੇ ਸ਼ੋਅ ਨੂੰ ਰੋਕ ਦਿੱਤਾ। ਇਸ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ਕਿ ਜਦੋਂ ਏ.ਆਰ ਰਹਿਮਾਨ ਗੀਤ ਗਾ ਰਹੇ ਹਨ ਤਾਂ ਪੁਲਿਸ ਆ ਕੇ ਉਨ੍ਹਾਂ ਦਾ ਸ਼ੋਅ ਬੰਦ ਕਰ ਦਿੰਦੀ ਹੈ।
ਪੁਣੇ ਦੇ ਰਾਜਾ ਬਹਾਦੁਰ ਮਿੱਲ ਇਲਾਕੇ ‘ਚ ਰਾਤ 10 ਵਜੇ ਤੋਂ ਬਾਅਦ ਸ਼ੋਅ ਦੀ ਇਜਾਜ਼ਤ ਨਹੀਂ ਦਿੱਤੀ ਗਈ। ਖਬਰਾਂ ਮੁਤਾਬਕ ਸ਼ੋਅ ਦਾ ਸਮਾਂ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਸੀ। ਜਦੋਂ ਲਾਈਵ ਸ਼ੋਅ ਸਮਾਂ ਸੀਮਾ ਤੋਂ ਅੱਗੇ ਚੱਲਣ ਲੱਗਾ ਤਾਂ ਪੁਲਿਸ ਉੱਥੇ ਪਹੁੰਚ ਗਈ ਅਤੇ ਉਨ੍ਹਾਂ ਨੂੰ ਦਖਲ ਦੇਣਾ ਪਿਆ।
ਹਾਲਾਂਕਿ ਪੁਲਿਸ ਵੱਲੋਂ ਸ਼ੋਅ ਨੂੰ ਰੋਕਣ ਬਾਰੇ ਏ.ਆਰ ਰਹਿਮਾਨ ਵੱਲੋਂ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ ਪਰ ਉਨ੍ਹਾਂ ਨੇ ਪੁਣੇ ‘ਚ ਆਪਣੇ ਸ਼ੋਅ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਜ਼ਰੂਰ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਆਰ ਦੇਣ ਲਈ ਪੁਣੇ ਦਾ ਧੰਨਵਾਦ ਕੀਤਾ ਹੈ।