ਸ੍ਰੀ ਮੁਕਤਸਰ ਸਾਹਿਬ, 07 ਜੂਨ 2025: ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਕੋਲੋਂ 5 ਕੁਇੰਟਲ ਚੂਰਾ ਪੋਸਤ ਵਾਲਾ ਇੱਕ ਟਰੱਕ ਬਰਾਮਦ ਕੀਤਾ ਗਿਆ ਹੈ।
ਸੀਆਈਏ ਸਟਾਫ ਸ੍ਰੀ ਮੁਕਤਸਰ ਸਾਹਿਬ ਨੇ ਇੱਕ ਸੂਚਨਾ ਦੇ ਆਧਾਰ ‘ਤੇ ਦਾਣਾ ਮੰਡੀ, ਸ੍ਰੀ ਮੁਕਤਸਰ ਸਾਹਿਬ ਵਿਖੇ ਟਰੱਕ ਨੰਬਰ RJ 09 GC 1185 ਦੀ ਜਾਂਚ ਕੀਤੀ। ਟਰੱਕ ‘ਚ ਮੌਜੂਦ ਨੌਜਵਾਨ ਨੇ ਆਪਣਾ ਨਾਮ ਪਿੰਟੂ ਸਿੰਘ ਰਾਵਤ ਪੁੱਤਰ ਨਾਰਾਇਣ ਸਿੰਘ ਵਾਸੀ ਪਿੰਡ ਖੇੜੀ, ਜ਼ਿਲ੍ਹਾ ਅਜਮੇਰ (ਰਾਜਸਥਾਨ) ਦੱਸਿਆ। ਟਰੱਕ ਦੀ ਤਲਾਸ਼ੀ ਦੌਰਾਨ ਉਸ ‘ਚੋਂ 25 ਕਾਲੇ ਬੋਰੇ ਮਿਲੇ ਜੋ ਚੂਰਾ ਪੋਸਤ ਨਾਲ ਭਰੇ ਹੋਏ ਸਨ। ਇਸਦੀ ਕੁੱਲ ਮਾਤਰਾ 500 ਕਿਲੋ (5 ਕੁਇੰਟਲ) ਸੀ।
ਉਕਤ ਮੁਲਜ਼ਮ ਵਿਰੁੱਧ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਐਨਡੀਪੀਐਸ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਉਸਦੇ ਪਿਛਲੇ/ਅੱਗੇ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ |
ਇਹ ਕਾਰਵਾਈ ਪੰਜਾਬ ਸਰਕਾਰ ਦੀ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕੀਤੀ ਗਈ ਹੈ, ਜਿਸਦਾ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ। ਇਸ ਮੁਹਿੰਮ ਤਹਿਤ, ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ ਹੁਣ ਤੱਕ 15,495 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
Read More: ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 3 ਜਣੇ ਗ੍ਰਿਫਤਾਰ