Fazlika

ਪੁਲਿਸ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਲੋਕ ਸਭਾ ਚੋਣਾਂ ਮੱਦੇਨਜਰ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ

ਫਾਜ਼ਿਲਕਾ, 16 ਮਈ 2024: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 10 ਫਿਰੋਜ਼ਪੁਰ ਲਈ ਤਾਇਨਾਤ ਕੀਤੇ ਪੁਲਿਸ ਅਬਜਰਵਰ ਏ ਆਰ ਦਾਮੋਧਰ ਆਈਪੀਐਸ ਨੇ ਅੱਜ ਫਾਜ਼ਿਲਕਾ (Fazilka) ਜ਼ਿਲ੍ਹੇ ਦਾ ਦੌਰਾ ਕਰਕੇ ਇੱਥੇ ਲੋਕ ਸਭਾ ਚੋਣਾਂ ਦੇ ਮੱਦੇਨਜਰ ਕੀਤੀਆਂ ਜਾ ਰਹੀਆਂ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਇੱਥੇ ਪੁੱਜਣ ‘ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਉਨ੍ਹਾਂ ਨੂੰ ਜ਼ਿਲ੍ਹੇ ਵਿਚ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਜਾਣਕਾਰੀ ਦਿੱਤੀ ਜਦ ਕਿ ਐਸਐਸਪੀ ਡਾ: ਪ੍ਰਗਿਆ ਜੈਨ ਨੇ ਸੁਰੱਖਿਆ ਤਿਆਰੀਆਂ ਤੋਂ ਪੁਲਿਸ ਅਬਜਰਵਰ ਨੂੰ ਜਾਣੂ ਕਰਵਾਇਆ।

ਐਸਐਸਪੀ ਨੇ ਦੱਸਿਆ ਕਿ ਫਾਜ਼ਿਲਕਾ (Fazilka) ਦਾ 108 ਕਿਲੋਮੀਟਰ ਲੰਬਾ ਬਾਰਡਰ ਪਾਕਿਸਤਾਨ ਨਾਲ ਅਤੇ 79 ਕਿਲੋਮੀਟਰ ਲੰਬਾ ਬਾਰਡਰ ਰਾਜਸਥਾਨ ਨਾਲ ਲੱਗਦਾ ਹੈ। ਇਸ ਸਬੰਧੀ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਜ਼ਿਲ੍ਹੇ ਦੀ ਰਾਜਸਥਾਨ ਨਾਲ ਲੱਗਦੀ ਹੱਦ ਤੇ 24 ਨਾਕੇ ਲਗਾਏ ਗਏ ਹਨ। ਜ਼ਿਲ੍ਹੇ ਵਿਚ 12 ਐਫਐਸਟੀ ਤੇ 12 ਹੀ ਐਸਐਸਟੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਐਸਐਸਪੀ ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਚੋਣਾਂ ਦੇ ਮੱਦੇਨਜਰ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤੱਕ 43.90 ਕਰੋੜ ਰੁਪਏ ਦੇ ਨਸ਼ੇ ਜਾਂ ਡਰੱਗ ਮਨੀ ਬਰਾਮਦ ਕੀਤੀ ਗਈ ਹੈ।750 ਅਪਰਾਧੀ ਪ੍ਰਵਰਿਤੀ ਦੇ ਲੋਕਾਂ ਖਿਲਾਫ ਜਾਬਤੇ ਦੀ ਕਾਰਵਾਈ ਕੀਤੀ ਗਈ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਕੇੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਿੰਦਰ ਸਿੰਘ ਮੱਲ੍ਹੀ, ਐਸਪੀ ਰਮਨੀਸ਼ ਚੌਧਰੀ, ਐਸਡੀਐਮ ਵਿਪਨ ਭੰਡਾਰੀ, ਪੰਕਜ ਬਾਂਸਲ, ਬਲਕਰਨ ਸਿੰਘ ਵੀ ਹਾਜਰ ਸਨ। ਬਾਅਦ ਵਿਚ ਉਨ੍ਹਾਂ ਨੇ ਇੱਥੋਂ ਦੇ ਸਰਕਾਰੀ ਸਕੂਲ ਵਿਚ ਬਣੇ ਸਟਰਾਂਗ ਰੂਮ ਦਾ ਦੌਰਾ ਕਰਕੇ ਉਥੇ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਇੱਥੇ ਉਨ੍ਹਾਂ ਨੇ ਗਿਣਤੀ ਕੇਂਦਰਾਂ ਨੂੰ ਵੀ ਵੇਖਿਆ ਅਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ।

 

Scroll to Top