ਚੰਡੀਗੜ, 02 ਅਗਸਤ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ 6 ਲੱਖ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਪੁਲਿਸ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ | ਉਕਤ ਪੁਲਿਸ ਇੰਸਪੈਕਟਰ ਵਿਜੇ ਕੁਮਾਰ ਪਹਿਲਾਂ ਇੰਚਾਰਜ ਸੀ.ਆਈ.ਏ, ਸਮਾਣਾ (ਪਟਿਆਲਾ) ਵਜੋਂ ਤਾਇਨਾਤ ਸੀ | ਉਨ੍ਹਾਂ ‘ਤੇ ਸਹਿ-ਮੁਲਜ਼ਮ ASI ਰਘਵੀਰ ਸਿੰਘ ਨਾਲ ਮਿਲ ਕੇ 6 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ |
ਵਿਜੀਲੈਂਸ ਬਿਊਰੋ (Vigilance Bureau) ਨੇ ਇੰਸਪੈਕਟਰ ਵਿਜੇ ਕੁਮਾਰ ਨੂੰ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਦਰਜ 23 ਅਕਤੂਬਰ 2023 ਨੂੰ ਦਰਜ ਐਫਆਈਆਰ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਹੈ | ਇਸਤੋਂ ਪਹਿਲਾਂ ASI ਰਘਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਕਤ ਇੰਸਪੈਕਟਰ ਨੂੰ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ |
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਸੀ ਕਿ ਮੁਲਜ਼ਮ ਏਐਸਆਈ ਨੇ ਉਸ ਖ਼ਿਲਾਫ਼ ਥਾਣਾ ਸਮਾਣਾ ‘ਚ ਦਰਜ ਇੱਕ ਮਾਮਲੇ ਦੀ ਜਾਂਚ ‘ਚ ਸ਼ਾਮਲ ਹੋਣ ਬਦਲੇ 10 ਲੱਖ ਰੁਪਏ ਰਿਸ਼ਵਤ (Bribe) ਦੀ ਮੰਗੀ ਸੀ ਅਤੇ 27 ਅਪ੍ਰੈਲ 2023 ਨੂੰ 6 ਲੱਖ ਰੁਪਏ ਰਿਸ਼ਵਤ ਵਜੋਂ ਪ੍ਰਾਪਤ ਵੀ ਕਰ ਲਏ ਸਨ ਅਤੇ ਬਾਕੀ 4 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਮੁਕੱਦਮੇ ਦੀ ਅਗਲੇਰੀ ਜਾਂਚ ਜਾਰੀ ਸੀ।