MP Ravneet Bittu

ਪੁਲਿਸ ਨੇ MP ਰਵਨੀਤ ਬਿੱਟੂ ਤੇ ਭਾਰਤ ਭੂਸ਼ਣ ਆਸ਼ੂ ਸਣੇ ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ‘ਚ ਲਿਆ

ਚੰਡੀਗੜ੍ਹ, 5 ਮਾਰਚ 2024: ਪੰਜਾਬ ਵਿੱਚ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ (MP Ravneet Bittu)  ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ 60 ਤੋਂ 70 ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਤਨਿਸ਼ ਗੋਇਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੰਸਦ ਮੈਂਬਰ ਬਿੱਟੂ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦਫ਼ਤਰ ਨੂੰ ਜਿੰਦਰਾ ਲਗਾ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਰਵਨੀਤ ਸਿੰਘ ਸਮੇਤ ਕਈ ਕਾਂਗਰਸੀ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਸੀ |

ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਦੇਣ ਦਾ ਐਲਾਨ ਕੀਤਾ ਸੀ। ਮੰਗਲਵਾਰ ਨੂੰ ਸੰਸਦ ਮੈਂਬਰ ਬਿੱਟੂ ਦੇ ਨਾਲ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਡੀਸੀ ਦਫ਼ਤਰ ਦੇ ਬਾਹਰ ਪੁੱਜੇ।

ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਭਾਰੀ ਹੰਗਾਮਾ ਹੋਇਆ। ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਨ ‘ਤੇ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਐਮਪੀ ਰਵਨੀਤ ਬਿੱਟੂ, ਆਸ਼ੂ ਅਤੇ ਤਲਵਾੜ ਸਮੇਤ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਇਸ ਦੌਰਾਨ ਸੰਸਦ ਮੈਂਬਰ ਰਵਨੀਤ ਬਿੱਟੂ (MP Ravneet Bittu) ਨੇ ਕਿਹਾ ਕਿ ਸਰਕਾਰ ਕਾਂਗਰਸ ਨੂੰ ਦਬਾਉਣੀ ਚਾਹੁੰਦੀ ਹੈ ਪਰ ਕਾਂਗਰਸ ਜ਼ਾਲਮ ਸਰਕਾਰ ​​ਤੋਂ ਡਰਨ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਝੂਠੇ ਪਰਚੇ ਦੇ ਕੇ ਉਸ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਉਹ ਡਰਨ ਵਾਲੇ ਨਹੀਂ ਹਨ ।

Scroll to Top