ਮੋਹਾਲੀ, 30 ਮਈ 2025: ਮੋਹਾਲੀ ਪੁਲਿਸ (Mohali Police) ਨੇ ਇੰਡੀਅਨ ਪ੍ਰੀਮਿਅਰ ਲੀਗ ਦੀ ਤੈਅ ਕੀਮਤ ਤੋਂ ਵੱਧ ਕੀਮਤ ‘ਤੇ ਟਿਕਟਾਂ (IPL match tickets) ਦੀ ਕਾਲਾਬਾਜ਼ਾਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਦਰਪਨ ਪੁੱਤਰ ਨਰੇਸ਼ ਕੁਮਾਰ ਨਿਵਾਸੀ ਆਰ ਜ਼ੈਡ ਸਟ੍ਰੀਟ ਨੰਬਰ-6, ਰਾਧਾ ਕ੍ਰਿਸ਼ਨ ਮੰਦਰ ਦੇ ਨੇੜੇ, ਨਵੀਂ ਦਿੱਲੀ ,ਨਵੀਨ ਪੁੱਤਰ ਮਦਨ ਲਾਲ ਨਿਵਾਸੀ ਮਕਾਨ ਨੰਬਰ 324/2, ਰੇਲਵੇ ਰੋਡ, ਪਟਿਆਲਾ ਚੌਕ, ਜੀਂਦ ਅਤੇ ਪਰਹਰਸ਼ ਅਨੁਰਾਗ ਪੁੱਤਰ ਸ਼ੰਕਰ ਕੁਮਾਰ ਨਿਵਾਸੀ ਫਲੈਟ ਨੰਬਰ-184 ਪਾਕੇਟ-1, ਦਵਾਰਕਾ, ਨਵੀਂ ਦਿੱਲੀ ਵਜੋਂ ਹੋਈ ਹੈ।
ਇਸ ਸੰਬੰਧੀ ਸੀਨੀਅਰ ਪੁਲਿਸ ਕਪਤਾਨ (SSP) ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਬੀਤੀ ਰਾਤ ਮੁੱਲਾਂਪੁਰ ਪੁਲਿਸ ਸਟੇਸ਼ਨ ‘ਚ ਬੀਐਨਐਸ ਦੀ ਧਾਰਾ 318 (4) ਦੇ ਤਹਿਤ ਐਫ.ਆਈ.ਆਰ ਨੰਬਰ 91 ਦਰਜ ਕੀਤੀ ਹੈ।
ਪੁਲਿਸ (Mohali Police) ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਮੁੱਲਾਂਪੁਰ ਦੇ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਆਈਪੀਐਲ 2025 ਦੇ ਪਹਿਲੇ ਕੁਆਲੀਫਾਇਰ ਟੀ-20 ਮੈਚ ਦੌਰਾਨ ਕੀਤੀਆਂ ਸਨ। ਮੁਲਜ਼ਮਾਂ ਨੇ ਪਹਿਲਾਂ ਤੋਂ ਵੱਡੀ ਗਿਣਤੀ ‘ਚ ਟਿਕਟਾਂ (IPL match tickets) ਖਰੀਦੀਆਂ ਸਨ ਅਤੇ ਸਟੇਡੀਅਮ ਦੇ ਅਹਾਤੇ ਦੇ ਨੇੜੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੀਮਤਾਂ ‘ਤੇ ਵੇਚ ਰਹੇ ਸਨ। ਇੱਕ ਸੂਚਨਾ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਲਾਂਪੁਰ ਪੁਲਿਸ ਸਟੇਸ਼ਨ ਦੀ ਇੱਕ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜ ਲਿਆ |
ਐਸ.ਐਸ.ਪੀ ਨੇ ਦੱਸਿਆ ਕਿ ਇਸ ਕਥਿਤ ਧੰਦੇ ‘ਚ ਸ਼ਾਮਲ ਕਿਸੇ ਵੀ ਵੱਡੇ ਨੈੱਟਵਰਕ ਜਾਂ ਸਾਥੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਉਨ੍ਹਾਂ ਨੇ ਟਿਕਟਾਂ ਦੀ ਕਾਲਾਬਾਜ਼ਾਰੀ ਅਤੇ ਵੱਧ ਕੀਮਤ ਵਸੂਲਣ ਦੇ ਗੈਰ-ਕਾਨੂੰਨੀ ਅਮਲ ‘ਚ ਲੱਗੇ ਲੋਕਾਂ ਨੂੰ ਸਖ਼ਤ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਇਸ ਗੋਰਖ ਧੰਦੇ ਨੂੰ ਤੁਰੰਤ ਬੰਦ ਕਰਨ ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਨਵੇਂ ਕ੍ਰਿਕਟ ਸਟੇਡੀਅਮ ਨੇੜੇ ਆਈ.ਪੀ.ਐਲ (IPL) ਮੈਚ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਐਸ.ਐਚ.ਓ ਮੁੱਲਾਂਪੁਰ ਨੂੰ 9203200009 ਅਤੇ ਡੀ ਐਸ ਪੀ ਮੁੱਲਾਂਪੁਰ ਨੂੰ 7710111912 ‘ਤੇ ਸੂਚਿਤ ਕੀਤਾ ਜਾਵੇ।
Read More: ਵਿਜੀਲੈਂਸ ਮੋਹਾਲੀ ਦੀ ਟੀਮ ਨੇ PSPCL ਦੇ SDO ਨੂੰ ਕੀਤਾ ਗ੍ਰਿਫ਼ਤਾਰ