Samana

ਪੁਲਿਸ ਨੇ ਸਮਾਣਾ ਵਿਖੇ ਟਰੱਕ ਰਾਹੀਂ ਆ ਰਹੀ ਦੋ ਕੁਇੰਟਲ 40 ਕਿਲੋ ਭੁੱਕੀ ਸਣੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਪਟਿਆਲਾ 01 ਜੁਲਾਈ 2022: ਸਿਟੀ ਪੁਲਿਸ ਸਮਾਣਾ (Samana) ਨੇ ਗੁਪਤ ਸੂਚਨਾ ਦੇ ਆਧਾਰ ਤੇ ਇਕ ਨਾਕਾਬੰਦੀ ਦੌਰਾਨ ਟਰੱਕ ਰਾਹੀਂ ਲਿਜਾਈ ਜਾ ਰਹੀ 2 ਕੁਇੰਟਲ 40 ਕਿੱਲੋ ਚੂਰਾ ਭੁੱਕੀ ਪੋਸਤ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ | ਇਸ ਦੌਰਾਨ ਇਨ੍ਹਾਂ ਦਾ ਤੀਜਾ ਸਾਥੀ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਿਸ ਮੁਖੀ ਭਗਵੰਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ‘ਤੇ ਪੁਲਸ ਪਾਰਟੀ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਕ ਚ ਨਾਕਾਬੰਦੀ ਦੋਰਾਨ ਪਾਤੜਾਂ ਵੱਲ ਤੋਂ ਆ ਰਿਹਾ ਟਰੱਕ ਨੰਬਰ PB-11-Q 9485 ਜਿਸ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ, ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਰੱਦੀ ਵਿੱਚ ਛੁਪਾ ਕੇ ਰੱਖੀਆਂ ਬਾਰਾਂ ਬੋਰੀਆਂ ਭੁੱਕੀ ਬਰਾਮਦ ਹੋਣ ‘ਤੇ ਟਰੱਕ ਨੂੰ ਆਪਣੇ ਕਬਜੇ ਵਿਚ ਲਿਆ |

ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਟਰੱਕ ਵਿਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਦੋ ਨੂੰ ਕਾਬੂ ਕਰ ਲਿਆ ਜਦੋਂ ਕਿ ਤੀਜਾ ਵਿਅਕਤੀ ਚਕਮਾ ਦੇ ਕੇ ਫ਼ਰਾਰ ਹੋਣ ਵਿਚ ਸਫਲ ਰਿਹਾ ਉਨ੍ਹਾਂ ਅੱਗੇ ਦੱਸਿਆ ਕਿ ਇਹ ਮੱਧ ਪ੍ਰਦੇਸ਼ ਤੋਂ ਭਰਿਆ ਟਰੱਕ ਜੋ ਪਟਿਆਲਾ ਲਈ ਚੱਲਿਆ ਸੀ | ਜਿਸ ਵਿਚ ਲਿਜਾਈ ਜਾ ਰਹੀ ਭੁੱਕੀ ਸਮਾਣਾ ਦੇ ਨੇੜਲੇ ਇਲਾਕਿਆਂ ਵਿੱਚ ਸਪਲਾਈ ਕੀਤੀ ਜਾਣੀ ਸੀ |

ਪੁਲਿਸ ਵਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਸੁਖਵੀਰ ਸਿੰਘ ਨਿਵਾਸੀ ਪਿੰਡ ਬਦਨਪੁਰ ਬੂਟਾ ਸਿੰਘ ਨਿਵਾਸੀ ਪਿੰਡ ਅਜ਼ੀਮਗੜ੍ਹ ਜੱਦੋਂ ਕਿ ਫ਼ਰਾਰ ਹੋਏ ਉਨ੍ਹਾਂ ਤੀਜੇ ਸਾਥੀ ਦੀ ਸ਼ਨਾਖਤ ਸੋਨੂ ਭਿੰਡਰ ਕਾਲੋਨੀ ਸਮਾਣਾ ਵਜੋਂ ਹੋਈ ਹੈ | ਇਨ੍ਹਾਂ ਖ਼ਿਲਾਫ ਐੱਨਡੀਪੀਐੱਸ ਐਕਟ ਦੇ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਦੋਨੋਂ ਆਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ |

Scroll to Top