July 2, 2024 7:59 pm
Pragati Maidan

ਦਿੱਲੀ ਦੇ ਪ੍ਰਗਤੀ ਮੈਦਾਨ ਡਕੈਤੀ ਮਾਮਲੇ ‘ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ 27 ਜੂਨ 2023: ਦਿੱਲੀ ਪੁਲਿਸ ਨੇ ਪ੍ਰਗਤੀ ਮੈਦਾਨ (Pragati Maidan) ਸੁਰੰਗ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਬਾਕੀ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸ਼ਨੀਵਾਰ ਨੂੰ ਪ੍ਰਗਤੀ ਮੈਦਾਨ ਸੁਰੰਗ ਵਿੱਚ ਇੱਕ ਡਿਲੀਵਰੀ ਏਜੰਟ ਅਤੇ ਉਸਦੇ ਸਹਾਇਕ ਨੂੰ ਕਥਿਤ ਤੌਰ ‘ਤੇ 2 ਲੱਖ ਰੁਪਏ ਲੁੱਟਣ ਵਾਲੇ ਚਾਰ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਪਛਾਣ ਕਰਨ ਲਈ ਪਿਛਲੇ 48 ਘੰਟਿਆਂ ਵਿੱਚ 350 ਤੋਂ ਵੱਧ ਸੀਸੀਟੀਵੀ ਫੁਟੇਜਾਂ ਨੂੰ ਸਕੈਨ ਕੀਤਾ ਗਿਆ ਸੀ।

ਤੁਹਾਨੂੰ ਦੱਸ ਦਈਏ ਕਿ ਦਿੱਲੀ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਸੀ ਜਿਸ ਵਿੱਚ ਪ੍ਰਗਤੀ ਮੈਦਾਨ ਇਲਾਕੇ ਵਿੱਚ ਇੱਕ ਵਿਅਸਤ ਅੰਡਰਪਾਸ ਦੇ ਅੰਦਰ ਚਾਰ ਅਣਪਛਾਤੇ ਬਦਮਾਸ਼ ਇੱਕ ਕਾਰ ਨੂੰ ਰੋਕਦੇ ਅਤੇ ਉਸ ਵਿੱਚ ਬੈਠੇ ਲੋਕਾਂ ਨੂੰ ਬੰਦੂਕ ਦੀ ਨੋਕ ‘ਤੇ ਲੁੱਟਦੇ ਹੋਏ ਦਿਖਾਈ ਦੇ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਘਟਨਾ ਦੀ ਫੁਟੇਜ ਡੇਢ ਕਿਲੋਮੀਟਰ ਲੰਬੀ ਪ੍ਰਗਤੀ ਮੈਦਾਨ (Pragati Maidan) ਸੁਰੰਗ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਸੁਰੰਗ ਨਵੀਂ ਦਿੱਲੀ ਨੂੰ ਸਰਾਏ ਕਾਲੇ ਖਾਨ ਅਤੇ ਨੋਇਡਾ ਨਾਲ ਜੋੜਦੀ ਹੈ ਅਤੇ ਇਸ ਵਿੱਚ ਪੰਜ ਅੰਡਰਪਾਸ ਹਨ।

ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ 22 ਸੈਕਿੰਡ ਦੀ ਵੀਡੀਓ ਵਿੱਚ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਬਦਮਾਸ਼ ਇੱਕ ਕੈਬ ਦਾ ਪਿੱਛਾ ਕਰਦੇ ਹੋਏ ਉਸ ਨੂੰ ਅੰਡਰਪਾਸ ਦੇ ਅੰਦਰ ਰੋਕਦੇ ਨਜ਼ਰ ਆ ਰਹੇ ਸਨ। ਵੀਡੀਓ ‘ਚ ਦੇਖਿਆ ਜਾ ਸਕਦਾ ਸੀ ਕਿ ਜਿਵੇਂ ਹੀ ਕੈਬ ਰੁਕਦੀ ਹੈ, ਮੋਟਰਸਾਈਕਲ ਦੀ ਪਿਛਲੀ ਸੀਟ ‘ਤੇ ਬੈਠੇ ਦੋਵੇਂ ਬਦਮਾਸ਼ ਹੇਠਾਂ ਉਤਰ ਜਾਂਦੇ ਹਨ ਅਤੇ ਆਪਣੀ ਬੰਦੂਕ ਕੱਢ ਲੈਂਦੇ ਹਨ ਅਤੇ ਫਿਰ ਇਨ੍ਹਾਂ ‘ਚੋਂ ਇਕ ਬਦਮਾਸ਼ ਕੈਬ ਡਰਾਈਵਰ ਦੀ ਸੀਟ ਵੱਲ ਭੱਜਦਾ ਹੈ, ਜਦਕਿ ਦੂਜਾ ਚਲਾ ਜਾਂਦਾ ਹੈ।

ਇਸ ਤੋਂ ਬਾਅਦ ਵੀਡੀਓ ‘ਚ ਕੈਬ ਦੇ ਚਾਰੇ ਦਰਵਾਜ਼ੇ ਖੁੱਲ੍ਹਦੇ ਦਿਖਾਈ ਦੇ ਰਹੇ ਸਨ। ਇਸ ਦੇ ਨਾਲ ਹੀ ਪਿਛਲੀ ਸੀਟ ‘ਤੇ ਸਵਾਰ ਵਿਅਕਤੀ ਕਾਲੇ ਰੰਗ ਦਾ ਬੈਗ ਇੱਕ ਬਦਮਾਸ਼ ਨੂੰ ਸੌਂਪਦਾ ਨਜ਼ਰ ਆਇਆ, ਜਿਸ ਵਿੱਚ ਕਥਿਤ ਤੌਰ ‘ਤੇ ਡੇਢ ਤੋਂ ਦੋ ਲੱਖ ਰੁਪਏ ਦੀ ਨਕਦੀ ਸੀ। ਬੈਗ ਖੋਹਣ ਤੋਂ ਬਾਅਦ ਦੋਵੇਂ ਬਦਮਾਸ਼ ਆਪਣੇ-ਆਪਣੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਇਸ ਵੀਡੀਓ ‘ਚ ਚਾਰੋਂ ਬਦਮਾਸ਼ ਹੈਲਮੇਟ ਪਾਏ ਨਜ਼ਰ ਆਏ |