ਖੰਨਾ, 23 ਮਾਰਚ 2023: ਪਾਇਲ ਪੁਲਿਸ ਦੇ ਹੱਥ ਇੱਕ ਵੱਡੀ ਸਫ਼ਲਤਾ ਲੱਗੀ ਹੈ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਰਖਾ ਬਾਬਾ ਖੰਨਾ ਦੇ ਥਾਣਾ ਮਲੌਦ ਦੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਹੈ। ਉਹ ਅਕਸਰ ਹੀ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਸੀ ਅਤੇ ਅਜਨਾਲਾ ਘਟਨਾ ਵਿੱਚ ਵੀ ਨਾਮਜ਼ਦ ਦੱਸਿਆ ਜਾ ਰਿਹਾ ਹੈ । ਗੋਰਖਾ ਬਾਬਾ ਅੰਮ੍ਰਿਤਪਾਲ ਦਾ ਗੰਨਮੈਨ ਬਣਕੇ ਰਹਿੰਦਾ ਸੀ।
ਡੀਐਸਪੀ ਪਾਇਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਤੇਜਿੰਦਰ ਸਿੰਘ ਕਾਫੀ ਸਮੇਂ ਤੋਂ ਅੰਮ੍ਰਿਤਪਾਲ ਦੇ ਨਾਲ ਉਸਦਾ ਗੰਨਮੈਨ ਬਣਕੇ ਰਹਿੰਦਾ ਸੀ। ਅਜਨਾਲਾ ਘਟਨਾਕ੍ਰਮ ‘ਚ ਵੀ ਸ਼ਾਮਲ ਸੀ। ਤੇਜਿੰਦਰ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਸੀ | ਉਸਦੀਆਂ ਹਥਿਆਰਾਂ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ, ਪੁਲਿਸ ਮੁਤਾਬਕ ਉਸ ਕੋਲ ਆਰਮ ਲਾਇਸੈਂਸ ਨਹੀਂ ਹੈ । ਜਿਸਤੋਂ ਬਾਅਦ ਮਲੌਦ ਥਾਣਾ ਵਿਖੇ ਤੇਜਿੰਦਰ ਦੇ ਖ਼ਿਲਾਫ਼ ਅਲੱਗ ਤੋਂ ਮੁਕੱਦਮਾ ਦਰਜ ਕੀਤਾ ਗਿਆ। ਉਸਦੇ ਖਿਲਾਫ 107/151 ਅਧੀਨ ਵੀ ਕਾਰਵਾਈ ਕੀਤੀ ਗਈ ਹੈ।
ਤੇਜਿੰਦਰ ਦਾ ਸਾਥ ਦੇਣ ਵਾਲੇ ਦੋ ਹੋਰ ਵਿਅਕਤੀ ਵੀ ਹਿਰਾਸਤ ‘ਚ ਲਏ ਗਏ ਹਨ। ਓਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਤੇਜਿੰਦਰ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਇੱਕ ਲੜਾਈ ਝਗੜੇ ਅਤੇ ਇੱਕ ਸ਼ਰਾਬ ਤਸਕਰੀ ਦਾ ਮੁਕੱਦਮਾ ਦਰਜ ਹੈ, ਜਿਸ ‘ਚ ਤੇਜਿੰਦਰ ਸਜ਼ਾ ਵੀ ਭੁਗਤ ਚੁੱਕਾ ਹੈ।