ਚੰਡੀਗੜ੍ਹ, 04 ਜੁਲਾਈ 2024: ਉੱਤਰ ਪ੍ਰਦੇਸ਼ ਦੇ ਹਾਥਰਸ (Hathras) ‘ਚ ਭਗਦੜ ਦੀ ਘਟਨਾ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਛੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਗ੍ਰਿਫਤਾਰ ਕੀਤੇ ਵਿਅਕਤੀ ਪ੍ਰਬੰਧਕ ਕਮੇਟੀ ਦੇ ਨਾਲ ਸਬੰਧਤ ਸੇਵਾਦਾਰ ਦੱਸੇ ਜਾ ਰਹੇ ਹਨ | ਇਸਦੇ ਨਾਲ ਹੀ ਇਸ ਘਟਨਾ ‘ਚ ਮੁੱਖ ਮੁਲਜ਼ਮ ਅਤੇ ਮੁੱਖ ਪ੍ਰਬੰਧਕ ਮਧੂਕਰ ਦੀ ਗ੍ਰਿਫ਼ਤਾਰੀ ਲਈ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ ਅਤੇ ਉਸਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਵੇਗਾ |
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਲੀਗੜ੍ਹ ਦੇ ਆਈਜੀ ਸ਼ਲਭ ਮਾਥੁਰ ਨੇ ਕਿਹਾ ਕਿ ਜ਼ੋਨ ਪੱਧਰ ‘ਤੇ ਸਾਰੇ ਜ਼ਿਲਿਆਂ ‘ਚ ਐੱਸਓਜੀ ਟੀਮਾਂ ਨੂੰ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਸਦੇ ਨਾਲ ਹੀ ਮੌਕੇ ਤੋਂ ਮਿਲੇ ਸਬੂਤਾਂ ਨੂੰ ਜਾਂਚ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਸੇਵਾਦਾਰ ਵਜੋਂ ਕੰਮ ਕਰਦੇ ਹਨ ਅਤੇ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਹਨ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਬਾਬੇ ਦਾ ਨਾਂ ਚਰਚਾ ‘ਚ ਆਉਂਦਾ ਹੈ ਤਾਂ ਉਸ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ ‘ਤੇ ਪੁਲਿਸ ਬਾਬਾ ਤੋਂ ਪੁੱਛਗਿੱਛ ਕਰ ਸਕਦੀ ਹੈ | ਜਿਕਰਯੋਗ ਹੈ ਕਿ ਹਾਥਰਸ (Hathras) ਘਟਨਾ ‘ਚ 120 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ | ਇਨ੍ਹਾਂ ‘ਚ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਹਨ |