ਅੰਮ੍ਰਿਤਸਰ, 01 ਮਈ 2023: ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਛੇਹਰਟਾ (Chheharta) ਇਲਾਕੇ ਵਿੱਚ ਵੀ ਘਰ ਦੇ ਬਾਹਰ ਖੜੀ ਇੱਕ ਕਾਰ ‘ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਥਿਤ ਤੌਰ ‘ਤੇ ਲੰਡਾ ਹਰੀਕੇ ਨਾਮਕ ਗੈਂਗਸਟਰ ਦਾ ਨਾਂ ਖੁੱਲ੍ਹ ਕੇ ਸਾਹਮਣੇ ਆਇਆ ਸੀ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਹੁਣ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਮੁਦੱਈ ਹਰਮਿੰਦਰ ਸਿੰਘ ਉਰਫ਼ ਕਿਸ਼ਨ ਦੇ ਬਿਆਨ ਤੇ 22 ਅਪ੍ਰੈਲ ਦੀ ਰਾਤ ਕਰੀਬ 09:00 ਵਜ਼ੇ, ਆਪਣੇ ਘਰ ਵਿੱਚ ਸੀ ਤਾਂ ਅਚਾਨਕ ਗਲੀ ਵਿੱਚ ਗੋਲੀ ਚੱਲਣ ਦੀ ਅਵਾਜ਼ ਸੁਣੀ ਤੇ ਗਲੀ ਵਿੱਚ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਤੇ ਸਵਾਰ ਤਿੰਨ ਨੌਜ਼ਵਾਨਾਂ ਵੱਲੋਂ ਉਸਦੀ ਕਾਰ ਤੇ ਗੋਲੀਆਂ ਮਾਰੀਆਂ ਗਈਆਂ ਹਨ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ ਸੀ ।
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 02 ਮੁਲਜ਼ਮਾਂ ਜੋਬਨਜੀਤ ਸਿੰਘ ਉਰਫ਼ ਜੋਬਲ ਅਤੇ ਜੋਗਿੰਦਰ ਸਿੰਘ ਉਰਫ਼ ਰਿੰਕੂ ਨੂੰ ਕਾਬੂ ਕਰਕੇ ਇਹਨਾਂ ਕੋਲੋਂ 01 ਲੱਖ 2 ਹਜਾਰ ਰੁਪਏ (ਭਾਰਤੀ ਕਰੰਸੀ), 05 ਮੋਬਾਇਲ ਫੋਨ ਅਤੇ 01 ਐਕਵਿਟਾ ਸਕੂਟੀ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ |
ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਗੁਪਤ ਸੂਚਨਾਂ ਦੇ ਅਧਾਰ ‘ਤੇ ਯੋਜਨਾਬੰਦ ਤਰੀਕੇ ਨਾਲ ਮੁਲਜ਼ਮ ਜੋਬਨਜੀਤ ਸਿੰਘ ਉਰਫ ਜੋਬਨ ਨੂੰ ਬਿਨਾ ਨੰਬਰੀ ਐਕਟਿਵਾ ਰੰਗ ਚਿੱਟਾ ਸਮੇਤ ਕਾਬੂ ਕੀਤਾ | ਇਸਦੇ ਨਾਲ ਹੀ ਜੋਗਿੰਦਰ ਸਿੰਘ ਉਰਫ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ | ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਜੋਬਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਵੱਲੋ ਲਖਬੀਰ ਸਿੰਘ ਉਰਡ ਲੰਡਾ ਵਾਸੀ ਹਰੀਕੇ, ਜ਼ਿਲ੍ਹਾ ਤਰਨ ਤਾਰਨ, ਹਾਲ ਵਾਸੀ (ਵਿਦੇਸ਼) ਅਤੇ ਰਵੀਸ਼ੇਰ ਸਿੰਘ ਹਾਲ ਵਾਸੀ ਪੁਤਰਗਾਲ, (ਵਿਦੇਸ਼) ਰਹਿੰਦੇ ਹਨ, ਉਨ੍ਹਾਂ ਦੇ ਕਹਿਣ ਤੇ ਜੋਬਨਜੀਤ ਸਿੰਘ ਉਰਫ ਜੋਬਨ, ਜੋਗਿੰਦਰ ਸਿੰਘ ਉਰਫ ਰਿੰਕੂ, ਸਤਨਾਮ ਸਿੰਘ ਉਰਫ ਸੱਤਾ ਅਤੇ 02 ਹੋਰ ਅਣਪਛਾਤੇ ਵਿਅਕਤੀ ਨੇ ਮਿਲ ਕੇ ਮੁਦੱਈ ਹਰਮਿੰਦਰ ਸਿੰਘ ਉਰਫ ਕਿਸ਼ਨ, ਅੰਮ੍ਰਿਤਸਰ ਦੇ ਘਰ ਦੇ ਗਲੀ ਵਿੱਚ ਖੜੀ ਕਾਰ ‘ਤੇ ਗੋਲੀਆਂ ਚਲਾਈਆ ਸਨ |
ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਕਿ ਇਹਨਾਂ ਵੱਲੋ ਹੋਰ ਕਿਹੜੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮੁਕੱਦਮਾਂ ਵਿੱਚ ਨਾਮਜ਼ਦ ਹੋਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ |




