ਪੰਜਾਬ, 02 ਅਗਸਤ 2025: ਪੰਜਾਬ ਪੁਲਿਸ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਧਮਕੀ ਦੇਣ ਦੇ ਮਾਮਲੇ ‘ਚ ਤੇਜ਼ੀ ਨਾਲ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅੰਮ੍ਰਿਤਸਰ ਤੋਂ ਹਿਰਾਸਤ ‘ਚ ਲੈ ਲਿਆ ਗਿਆ ਹੈ।
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ‘ਚ ਦਾਅਵਾ ਕੀਤਾ ਗਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਉਨ੍ਹਾਂ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਦੈਵੀਰ ਇਸ ਸਮੇਂ ਵਿਦੇਸ਼’ਚ ਪੜ੍ਹ ਰਿਹਾ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ‘ਚ ਸਗੋਂ ਆਮ ਨਾਗਰਿਕਾਂ ‘ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਰੰਧਾਵਾ ਦੀ ਸ਼ਿਕਾਇਤ ਤੋਂ ਤੁਰੰਤ ਬਾਅਦ, ਪੰਜਾਬ ਪੁਲਿਸ ਨੇ ਸਾਈਬਰ ਸੈੱਲ ਅਤੇ ਸਥਾਨਕ ਖੁਫੀਆ ਏਜੰਸੀਆਂ ਦੀ ਮੱਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ। 24 ਘੰਟਿਆਂ ਦੇ ਅੰਦਰ ਮੁਲਜ਼ਮ ਦੀ ਪਛਾਣ ਕਰਕੇ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਰੰਧਾਵਾ ਨੇ ਕਿਹਾ, “ਇਹ ਕਾਰਵਾਈ ਪੰਜਾਬ ਪੁਲਿਸ ਦੀ ਮੁਸਤੈਦੀ ਦੀ ਉਦਾਹਰਣ ਹੈ। ਪਰ ਅਜਿਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਪੰਜਾਬ ‘ਚ ਗੈਂਗਸਟਰ ਕਲਚਰ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ।”
ਸੁਖਜਿੰਦਰ ਰੰਧਾਵਾ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਜਨਤਕ ਨੁਮਾਇੰਦਿਆਂ ਦੇ ਪਰਿਵਾਰ ਸੁਰੱਖਿਅਤ ਨਹੀਂ ਹਨ, ਤਾਂ ਆਮ ਲੋਕਾਂ ਦਾ ਕੀ ਹੋਵੇਗਾ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ‘ਚ ਅਪਰਾਧਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ।
ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਿੱਧਾ ਸਬੰਧ ਹੈ, ਜਾਂ ਇਹ ਕਿਸੇ ਹੋਰ ਦੀ ਸਾਜ਼ਿਸ਼ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸਦੇ ਮੋਬਾਈਲ ਅਤੇ ਸੋਸ਼ਲ ਮੀਡੀਆ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Read More: MP ਸੁਖਜਿੰਦਰ ਰੰਧਾਵਾ ਦਾ ਦਾਅਵਾ, ਜੱਗੂ ਭਗਵਾਨਪੁਰੀਆ ਨੇ ਮੇਰੇ ਪੁੱਤ ਨੂੰ ਮਾਰਨ ਦੀ ਦਿੱਤੀ ਧਮਕੀ