ਠੱਗੀ ਮਾਰਨ ਵਾਲਾ

OLX ‘ਤੇ ਫਰਜ਼ੀ ਜਾਇਦਾਦ ਇਸ਼ਤਿਹਾਰ ਪੋਸਟ ਕਰਕੇ ਠੱਗੀ ਮਾਰਨ ਵਾਲਾ ਪੁਲਿਸ ਨੇ ਕੀਤਾ ਕਾਬੂ

ਮੋਹਾਲੀ, 21 ਜੂਨ 2025: ਪੰਜਾਬ ਪੁਲਿਸ ਦੇ ਸਟੇਟ ਸਾਈਬਰ ਅਪਰਾਧ ਪੁਲਿਸ ਸਟੇਸ਼ਨ ਨੇ OLX ਕਿਰਾਏ ਦੀ ਧੋਖਾਧੜੀ ਦੇ ਕਈ ਮਾਮਲਿਆਂ ‘ਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ | ਗ੍ਰਹਿ ਮੰਤਰਾਲੇ ਦੇ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C) ਦੇ ਪ੍ਰਤੀਬਿੰਬ ਪੋਰਟਲ ‘ਤੇ ਰਿਪੋਰਟ ਕੀਤੇ ਗਏ ਸਾਈਬਰ ਧੋਖਾਧੜੀ ਦੇ ਡੇਟਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇੰਸਪੈਕਟਰ ਦਲਜੀਤ ਸਿੰਘ ਨੇ ਗ੍ਰਿਫ਼ਤਾਰ ਕੀਤਾ।

ਮੁਲਜ਼ਮ ਮੋਹਾਲੀ ਦੇ ਖਰੜ ਦਾ ਰਹਿਣ ਵਾਲਾ ਹੈ | ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਓਐਲਐਕਸ ’ਤੇ ਜਾਅਲੀ ਕਿਰਾਇਆ ਇਸ਼ਤਿਹਾਰਾਂ ਰਾਹੀਂ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਆਦਿ ਸੂਬਿਆਂ ਨਾਲ ਸਬੰਧਤ ਘੱਟੋ-ਘੱਟ 23 ਪੀੜਤਾਂ ਨਾਲ ਲਗਭਗ 5 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਮੁਲਜ਼ਮਾਂ ਵੱਲੋਂ ਧੋਖਾਧੜੀ ਕਰਨ ਲਈ ਅਪਣਾਏ ਗਏ ਢੰਗ-ਤਰੀਕੇ ਦਾ ਵੇਰਵਾ ਦਿੰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਕਿਹਾ ਕਿ ਮੁਲਜ਼ਮ ਪਰਮਜੀਤ ਸਿੰਘ ਧੋਖਾਧੜੀ ਕਰਨ ਲਈ OLX ‘ਤੇ ਜਾਅਲੀ ਜਾਇਦਾਦ ਦੇ ਇਸ਼ਤਿਹਾਰ ਪੋਸਟ ਕਰਦਾ ਸੀ, ਪੀੜਤਾਂ ਨੂੰ ਆਕਰਸ਼ਕ ਅਤੇ ਵੱਡੇ ਮੁਨਾਫ਼ੇ ਦਾ ਲਾਲਚ ਦਿੰਦਾ ਸੀ।

ADGP ਨੇ ਕਿਹਾ, “ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਲਈ ਮੁਲਜ਼ਮ ਜਾਇਦਾਦ ਦੇ ਜਾਅਲੀ ਦਸਤਾਵੇਜ਼ ਅਤੇ ਫੋਟੋਆਂ ਸਾਂਝੀਆਂ ਕਰਦਾ ਸੀ। ਇੱਕ ਵਾਰ ਜਦੋਂ ਪੀੜਤ ਉਸਦੇ ਜਾਲ ‘ਚ ਫਸ ਜਾਂਦੇ ਸਨ ਅਤੇ ਜਾਇਦਾਦ ਕਿਰਾਏ ‘ਤੇ ਲੈਣ ਲਈ ਸਹਿਮਤ ਹੋ ਜਾਂਦੇ ਸਨ, ਤਾਂ ਮੁਲਜ਼ਮ ਉਨ੍ਹਾਂ ਨੂੰ UPI ਜਾਂ ਬੈਂਕ ਟ੍ਰਾਂਸਫਰ ਰਾਹੀਂ ਪੇਸ਼ਗੀ ਕਿਰਾਏ, ਸੁਰੱਖਿਆ ਰਕਮ ਜਾਂ ਰਜਿਸਟ੍ਰੇਸ਼ਨ ਫੀਸ ਵਜੋਂ ਪੈਸੇ ਟ੍ਰਾਂਸਫਰ ਕਰਨ ਲਈ ਮਨਾ ਲੈਂਦਾ ਸੀ | ਇੱਕ ਵਾਰ ਭੁਗਤਾਨ ਹੋ ਜਾਣ ‘ਤੇ ਮੁਲਜ਼ਮ ਉਨ੍ਹਾਂ ਨਾਲ ਸੰਪਰਕ ਕਰਨਾ ਬੰਦ ਕਰ ਦਿੰਦਾ ਸੀ।

ਏਡੀਜੀਪੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਪਰਮਜੀਤ, ਗਾਹਕਾਂ ਨੂੰ ਯੂਪੀਆਈ ਅਤੇ ਭੁਗਤਾਨ ਦੇ ਹੋਰ ਔਨਲਾਈਨ ਤਰੀਕਿਆਂ ਰਾਹੀਂ ਆਪਣੇ ਵੱਖ-ਵੱਖ ਬੈਂਕ ਖਾਤਿਆਂ – ਐਕਸਿਸ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਯੈੱਸ ਬੈਂਕ ਅਤੇ ਐਚਡੀਐਫਸੀ ਬੈਂਕ ‘ਚ ਪੈਸੇ ਟ੍ਰਾਂਸਫਰ ਕਰਨ ਲਈ ਕਹਿੰਦਾ ਸੀ। ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

Read More:  ਅੰਬਾਲਾ ਦੇ ਵਿਅਕਤੀ ਨਾਲ ਏਜੰਟ ਵੱਲੋਂ ਲੱਖਾਂ ਰੁਪਏ ਦੀ ਠੱਗੀ, ਅਨਿਲ ਵਿਜ ਵੱਲੋਂ ਕਾਨੂੰਨੀ ਕਰਵਾਈ ਦੇ ਹੁਕਮ

Scroll to Top