Bathinda news

ਪੁਲਿਸ ਨੇ ਗੁਰਦਾਸਪੁਰ ਗ੍ਰਨੇਡ ਹ.ਮ.ਲੇ ਮਾਮਲੇ ‘ਚ ਇੱਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ, 3 ਦਸੰਬਰ 2025: ਪੰਜਾਬ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੁਰਦਾਸਪੁਰ ਗ੍ਰਨੇਡ ਹਮਲੇ ਮਾਮਲੇ ‘ਚ ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਨੇ ਗੁਰਦਾਸਪੁਰ ਪੁਲਿਸ ਨਾਲ ਸਾਂਝੀ ਕਾਰਵਾਈ ਤਹਿਤ ਹੋਰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਮੋਹਨ ਸਿੰਘ ਵਾਸੀ ਰਾਮੂਵਾਲ, ਬਠਿੰਡਾ ਵਜੋਂ ਹੋਈ ਹੈ ।

ਪੁਲਿਸ ਨੇ ਇਹ ਕਾਰਵਾਈ 25 ਨਵੰਬਰ 2025 ਨੂੰ ਸ਼ਾਮ 7.30 ਵਜੇ ਦੇ ਕਰੀਬ ਗੁਰਦਾਸਪੁਰ ਸਿਟੀ ਪੁਲਿਸ ਥਾਣੇ ’ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ‘ਚ ਪੰਜਾਬ ਪੁਲਿਸ ਵੱਲੋਂ ਚਾਰ ਮੁਲਜ਼ਮਾਂ – ਪ੍ਰਦੀਪ ਕੁਮਾਰ, ਗੁਰਦਿੱਤ, ਨਵੀਨ ਚੌਧਰੀ ਅਤੇ ਕੁਸ਼ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਾਹਮਣੇ ਆਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ ਪੀ-86 ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕੀਤੇ ਸਨ। ਇਸ ਗ੍ਰਿਫ਼ਤਾਰੀ ਨਾਲ ਉਕਤ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ ਹੁਣ ਪੰਜ ਹੋ ਗਈ ਹੈ।

ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੋਹਨ ਸਿੰਘ ਪਾਕਿਸਤਾਨ ਦੀ ਆਈ.ਐਸ.ਆਈ.ਵੱਲੋਂ ਹਮਾਇਤ ਪ੍ਰਾਪਤ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੰਪਰਕ ‘ਚ ਸੀ। ਡੀਜੀਪੀ ਨੇ ਕਿਹਾ ਕਿ ਮੁਲਜ਼ਮ ਮੋਹਨ ਸਿੰਘ ਨੇ ਸ਼ਹਿਜ਼ਾਦ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਪੰਜਾਬ ‘ਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ‘ਚ ਅਹਿਮ ਭੂਮਿਕਾ ਨਿਭਾਈ ਸੀ ।

ਏ.ਆਈ.ਜੀ. (ਸੀਆਈ) ਬਠਿੰਡਾ ਅਵਨੀਤ ਕੌਰ ਸਿੱਧੂ ਨੇ ਪੁਲਿਸ ਕਾਰਵਾਈ ਸੰਬੰਧੀ ਕਿਹਾ ਕਿ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ, ਸੀ.ਆਈ. ਬਠਿੰਡਾ ਨੇ ਗੁਰਦਾਸਪੁਰ ਪੁਲਿਸ ਨਾਲ ਗੁਪਤ ਜਾਣਕਾਰੀ ਸਾਂਝੀ ਕੀਤੀ, ਜਿਸ ਦੇ ਆਧਾਰ ’ਤੇ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ।

ਐਸਐਸਪੀ ਆਦਿੱਤਿਆ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਮੋਹਨ ਦੇ ਖੁਲਾਸੇ ’ਤੇ ਪੁਲਿਸ ਟੀਮਾਂ ਨੇ ਇੱਕ .32 ਬੋਰ ਪਿਸਤੌਲ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਕਾਲਾ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਮਾਡਿਊਲ ਵੱਲੋਂ ਅਪਰਾਧ ਨੂੰ ਅੰਜਾਮ ਦੇਣ ‘ਚ ਕੀਤੀ ਸੀ।

Read More: ਨਸ਼ਾ ਤਸਕਰੀ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਨੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

Scroll to Top