ਗਿੱਦੜਬਾਹਾ, 08 ਮਈ 2025: ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ (Gidderbaha) ‘ਚ ਪੁਲਿਸ ਮੁਤਾਬਕ ਦੋ ਨਸ਼ਾ ਤਸਕਰਾਂ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਬਣਾਈਆਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਰਫ਼ ਭੱਲਾ ਪੁੱਤਰ ਤਿਰਲੋਕ ਸਿੰਘ ਅਤੇ ਬਲਜੀਤ ਕੌਰ ਉਰਫ਼ ਬੱਗੋ ਪਤਨੀ ਤੇਜਾ ਸਿੰਘ ਵਾਸੀ ਭਾਰੂ ਚੌਕ ਗਿੱਦੜਬਾਹਾ ਨੇ ਥਾਣਾ ਗਿੱਦੜਬਾਹਾ ਨੇੜੇ ਗੈਰ-ਕਾਨੂੰਨੀ ਤੌਰ ‘ਤੇ ਇਮਾਰਤਾਂ ਬਣਾਈਆਂ ਸਨ।
ਪੁਲਿਸ ਨੇ ਦੱਸਿਆ ਕਿ ਇਸ ਸਬੰਧ ‘ਚ ਸਮਰੱਥ ਅਧਿਕਾਰੀ ਤੋਂ ਇਸਨੂੰ ਢਾਹੁਣ ਦੌਰਾਨ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਪ੍ਰਾਪਤ ਹੋਏ ਸਨ। ਇਸ ਤੋਂ ਬਾਅਦ ਇਨ੍ਹਾਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਵੱਲੋਂ ਇੱਕ ਇਮਾਰਤ ਬਣਾਈ ਗਈ ਸੀ ਅਤੇ ਉਸ ਖ਼ਿਲਾਫ਼ ਪਹਿਲਾਂ ਹੀ ਨਸ਼ਾ ਤਸਕਰੀ ਅਤੇ ਚੋਰੀ ਦੇ 3 ਮਾਮਲੇ ਦਰਜ ਹਨ ਅਤੇ ਬਲਜੀਤ ਕੌਰ ਉਰਫ਼ ਬੱਗੋ ਖ਼ਿਲਾਫ਼ ਨਸ਼ਾ ਤਸਕਰੀ ਦੇ 2 ਮਾਮਲੇ ਦਰਜ ਹਨ। ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਿਸ਼ਨ ਨਸ਼ਿਆਂ ਵਿਰੁੱਧ ਜੰਗ ਤਹਿਤ ਜ਼ਿਲ੍ਹੇ ‘ਚ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਉਂਦਾ ਹੈ, ਉਸਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ ਅਤੇ ਜੇਕਰ ਕੋਈ ਸਰਕਾਰੀ ਜਾਇਦਾਦ ‘ਤੇ ਇਮਾਰਤ ਬਣਾਉਂਦਾ ਹੈ, ਤਾਂ ਉਸਨੂੰ ਢਾਹ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ਾ ਵੇਚ ਰਿਹਾ ਹੈ ਤਾਂ ਉਹ ਨਿਡਰ ਹੋ ਕੇ ਪੁਲਿਸ ਨੂੰ ਇਸ ਬਾਰੇ ਸੂਚਿਤ ਕਰਨ, ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Read More: ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰ ਦੇ ਘਰ ਨੂੰ ਢਾਹਿਆ, ਕਈਂ NDPC ਮਾਮਲੇ ਸੀ ਦਰਜ