ਸਵੈ-ਰੁਜ਼ਗਾਰ

ਪੀ.ਐਨ.ਬੀ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ 35 ਸਿੱਖਿਆਰਥੀਆਂ ਨੂੰ ਬਿਊਟੀ ਪਾਰਲਰ ਪ੍ਰਬੰਧਨ ਸਿਖਲਾਈ ਦਿੱਤੀ

ਐਸ.ਏ.ਐਸ.ਨਗਰ, 26 ਅਗਸਤ, 2023: ਪੇਂਡੂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਕੋਰਸਾਂ ਦੀ ਸਿਖਲਾਈ ਨਾਲ ਲੈਸ ਕਰਨ ਦੇ ਆਪਣੇ ਲਗਾਤਾਰ ਯਤਨਾਂ ਨੂੰ ਜਾਰੀ ਰੱਖਦੇ ਹੋਏ, ਪੰਜਾਬ ਨੈਸ਼ਨਲ ਬੈਂਕ ਦੀ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ.ਐਸ.ਈ.ਟੀ.ਆਈ.), ਵਿਕਾਸ ਭਵਨ, ਸੈਕਟਰ 62, ਐਸ.ਏ.ਐਸ. ਨਗਰ ਮੁਹਾਲੀ ਨੇ ਬਿਊਟੀ ਪਾਰਲਰ ਮੈਨੇਜਮੈਂਟ ਵਿੱਚ 35 ਉਦਮੀਆਂ ਲਈ ਸਫਲ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੀਡ ਬੈਂਕ ਦੇ ਚੀਫ਼ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਇਸ ਟਰੇਨਿੰਗ ਦੇ ਸਮਾਪਤੀ ਸਮਾਰੋਹ ਦੌਰਾਨ ਸ਼੍ਰੀਮਤੀ ਗੀਤਿਕਾ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਐਸ.ਏ.ਐਸ.ਨਗਰ ਮੁਹਾਲੀ ਨੇ ਸਰਟੀਫਿਕੇਟਾਂ ਦੀ ਵੰਡ ਕੀਤੀ। ਉਨ੍ਹਾਂ ਨੇ 35 ਭਾਗੀਦਾਰਾਂ ਨੂੰ ਸਿਖਲਾਈ ਸਰਟੀਫਿਕੇਟ ਪ੍ਰਦਾਨ ਕੀਤੇ ਜਿਨ੍ਹਾਂ ਨੇ 35 ਦਿਨਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕੀਤਾ।

ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਨੈਸ਼ਨਲ ਬੈਂਕ ਦੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ ਮੋਹਾਲੀ ਦੀ ਵਿਲੱਖਣਤਾ ਦੀ ਸ਼ਲਾਘਾ ਕਰਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨ ਦੇ ਅਟੁੱਟ ਸਹਿਯੋਗ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਮੋਹਾਲੀ ਜ਼ਿਲੇ ਦੇ ਪੇਂਡੂ ਨੌਜਵਾਨਾਂ ਨੂੰ 60 ਤੋਂ ਵੱਧ ਕੋਰਸਾਂ ਵਿੱਚ ਮੁਫਤ ਸਿਖਲਾਈ ਪ੍ਰਦਾਨ ਕਰਨ ਵਿੱਚ ਨਿਭਾਈ ਜਾ ਰਹੀ ਇਸ ਸੰਸਥਾ ਦੀ ਸਰਗਰਮ ਭੂਮਿਕਾ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਵਿੱਚ ਵੀ ਸਿੱਧਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਹ ਸਿਖਲਾਈ ਰੋਜ਼ਗਾਰ ਲਈ ਹੁਨਰ ਵਿਕਾਸ ‘ਤੇ ਜ਼ੋਰ ਦਿੰਦੀ ਹੈ।

ਇਸ ਸਮਾਗਮ ਵਿੱਚ ਪੀ ਐਨ ਬੀ ਸਰਕਲ ਹੈੱਡ ਮੁਹਾਲੀ ਰੀਟਾ ਜੁਨੇਜਾ, ਚੀਫ ਲੀਡ ਜ਼ਿਲ੍ਹਾ ਮੈਨੇਜਰ ਐਮ ਕੇ ਭਾਰਦਵਾਜ ਅਤੇ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ, ਐਸ ਏ ਐਸ ਨਗਰ ਮੁਹਾਲੀ ਦੇ ਡਾਇਰੈਕਟਰ ਅਮਨਦੀਪ ਸਿੰਘ ਹਾਜ਼ਰ ਸਨ।ਇਹ ਵਰਣਨ ਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਇਸ ਸਿਖਲਾਈ ਸੰਸਥਾ ਨੇ ਕਈ ਨਵੇਂ ਮਾਨਤਾ ਪ੍ਰਾਪਤ ਕੋਰਸਾਂ ਜਿਵੇਂ ਕਿ ਮਧੂ ਮੱਖੀ ਪਾਲਣ, ਜੂਟ ਉਤਪਾਦ ਉੱਦਮ, ਡੇਅਰੀ ਫਾਰਮਿੰਗ, ਬਿਊਟੀ ਪਾਰਲਰ ਪ੍ਰਬੰਧਨ, ਟੇਲਰਿੰਗ-ਕਢਾਈ ਸਿਖਲਾਈ, ਅਤੇ ਵਰਮੀ ਕੰਪੋਸਟ ਤਕਨੀਕਾਂ ਨੂੰ ਸ਼ਾਮਲ ਕਰਕੇ ਆਪਣੇ ਸਿਖਲਾਈ ਕੋਰਸਾਂ ਵਿੱਚ ਵਿਭਿੰਨਤਾ ਪੈਦਾ ਕੀਤੀ ਹੈ। ਇਹ 60 ਦੇ ਕਰੀਬ ਕੋਰਸ ਚਾਹਵਾਨ ਪੇਂਡੂ ਉੱਦਮੀਆਂ ਨੂੰ ਲਾਭ ਪਹੁੰਚਾਉਣ ਲਈ ਪੂਰੀ ਤਰ੍ਹਾਂ ਮੁਫਤ ਕਰਵਾਏ ਜਾਂਦੇ ਹਨ।

Scroll to Top