ਚੰਡੀਗੜ੍ਹ, 09 ਅਗਸਤ 2023: ਪਾਕਿਸਤਾਨ ਸਰਕਾਰ ਤੋਸ਼ਾਖਾਨੇ (Toshakhana) (ਸਰਕਾਰੀ ਖ਼ਜ਼ਾਨੇ) ਵਿੱਚ ਰੱਖੇ ਤੋਹਫ਼ਿਆਂ ਦੀ ਨਿਲਾਮੀ ਕਰੇਗੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਹਫ਼ਿਆਂ ਦੀ ਨਿਲਾਮੀ ਤੋਂ ਇਕੱਠੀ ਹੋਣ ਵਾਲੀ ਰਕਮ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਵਰਤੀ ਜਾਵੇਗੀ।
ਇਹ ਫੈਸਲਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਲਿਆ ਗਿਆ ਹੈ। ਖਾਨ ਨੇ ਪ੍ਰਧਾਨ ਮੰਤਰੀ ਹੁੰਦਿਆਂ ਵੱਖ-ਵੱਖ ਦੇਸ਼ਾਂ ਤੋਂ ਮਿਲੇ ਤੋਹਫ਼ੇ ਵੇਚੇ ਸਨ। ਇਹ ਸਾਰੇ ਤੋਹਫ਼ੇ ਉਸ ਨੇ ਤੋਸ਼ਾਖਾਨੇ ਤੋਂ 2.15 ਕਰੋੜ ਰੁਪਏ ਵਿਚ ਖਰੀਦੇ ਸਨ, ਜਿਸ ਨੂੰ ਵੇਚਣ ‘ਤੇ ਉਸ ਨੂੰ 5.8 ਕਰੋੜ ਰੁਪਏ ਮਿਲੇ ਹਨ। ਬਾਅਦ ਵਿੱਚ ਪਤਾ ਲੱਗਾ ਕਿ ਇਹ ਰਕਮ 20 ਕਰੋੜ ਤੋਂ ਵੱਧ ਸੀ।
ਪਾਕਿਸਤਾਨੀ ਮੀਡੀਆ ਏਆਰਵਾਈ ਨਿਊਜ਼ ਦੇ ਅਨੁਸਾਰ, ਪੀਐਮ ਸ਼ਾਹਬਾਜ਼ ਸ਼ਰੀਫ ਨੇ ਕਿਹਾ – ਅਸੀਂ ਤੋਸ਼ਾਖਾਨਾ (Toshakhana) ਤੋਹਫ਼ਿਆਂ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਜੋ ਪੈਸਾ ਇਕੱਠਾ ਹੋਵੇਗਾ, ਉਸ ਦੀ ਵਰਤੋਂ ਅਨਾਥ ਬੱਚਿਆਂ, ਹਸਪਤਾਲਾਂ, ਸਿੱਖਿਆ ਸੰਸਥਾਵਾਂ, ਭਲਾਈ ਸੰਸਥਾਵਾਂ ਅਤੇ ਲੋੜਵੰਦਾਂ ਦੀ ਮਦਦ ਲਈ ਕੀਤੀ ਜਾਵੇਗੀ।