July 7, 2024 4:48 pm
Article 370

PM ਨਰਿੰਦਰ ਮੋਦੀ 24-25 ਜੂਨ ਨੂੰ ਕਰਨਗੇ ਮਿਸਰ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ

ਚੰਡੀਗੜ੍ਹ,19 ਜੂਨ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਅਤੇ ਮਿਸਰ (EGYPT) ਦੇ ਦੌਰੇ ‘ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੀ ਪੂਰੀ ਯੋਜਨਾ ਸਾਹਮਣੇ ਆ ਗਈ ਹੈ। ਪ੍ਰਧਾਨ ਮੰਤਰੀ ਮੋਦੀ 21 ਜੂਨ ਦੀ ਸਵੇਰ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿੱਚ ਯੋਗ ਦਿਵਸ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਿਊਯਾਰਕ ਵਿੱਚ ਵੱਖ-ਵੱਖ ਵਰਗਾਂ ਦੀਆਂ ਪ੍ਰਮੁੱਖ ਹਸਤੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ 21 ਜੂਨ ਨੂੰ ਵਾਸ਼ਿੰਗਟਨ ਡੀਸੀ ਵੀ ਜਾਣਗੇ, ਇੱਥੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਕਰਨਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 22 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਰਸਮੀ ਸਵਾਗਤ ਕੀਤਾ ਜਾਵੇਗਾ।ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਬਿਡੇਨ ਨਾਲ ਰਸਮੀ ਦੁਵੱਲੀ ਮੀਟਿੰਗ ਕਰਨਗੇ। ਬੈਠਕ ਤੋਂ ਬਾਅਦ ਪੀਐਮ ਮੋਦੀ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਅਮਰੀਕੀ ਕਾਂਗਰਸ ਪ੍ਰਧਾਨ ਮੰਤਰੀ ਦਾ ਸਵਾਗਤ ਕਰੇਗੀ। ਅਮਰੀਕੀ ਸੈਨੇਟਰ ਪੀਐਮ ਮੋਦੀ ਦੇ ਸਨਮਾਨ ਵਿੱਚ ਡਿਨਰ ਪਾਰਟੀ ਦੇਣਗੇ।

23 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਚੁਣੇ ਹੋਏ ਅਮਰੀਕੀ ਉਦਯੋਗਾਂ ਦੇ ਸੀਈਓਜ਼ ਨਾਲ ਮੁਲਾਕਾਤ ਕਰਨਗੇ ਅਤੇ ਇਸ ਦੌਰਾਨ ਉਦਯੋਗ ਅਤੇ ਨਿਵੇਸ਼ ਨਾਲ ਜੁੜੇ ਮਾਮਲਿਆਂ ‘ਤੇ ਗੱਲਬਾਤ ਹੋਵੇਗੀ।ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਅਮਰੀਕੀ ਉਪ ਰਾਸ਼ਟਰਪਤੀ ਅਤੇ ਵਿਦੇਸ਼ ਸਕੱਤਰ ਕਰਨਗੇ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਨੇਤਾ ਲੰਚ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਕੈਨੇਡੀ ਸੈਂਟਰ ਸਮਾਗਮ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਪ੍ਰਮੁੱਖ ਪੇਸ਼ੇਵਰ ਹਸਤੀਆਂ ਅਤੇ ਨੇਤਾਵਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਪੀਐਮ ਮੋਦੀ ਮਿਸਰ ਲਈ ਰਵਾਨਾ ਹੋਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 24-25 ਜੂਨ ਨੂੰ ਮਿਸਰ(Egypt) ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ਕਰਨਗੇ। 1997 ਤੋਂ ਬਾਅਦ ਕਿਸੇ ਪ੍ਰਮੁੱਖ ਭਾਰਤੀ ਨੇਤਾ ਦੀ ਇਹ ਪਹਿਲੀ ਮਿਸਰ ਯਾਤਰਾ ਹੋਵੇਗੀ। ਪੀਐਮ ਮੋਦੀ 24 ਜੂਨ ਨੂੰ ਦੁਪਹਿਰ ਨੂੰ ਕਾਹਿਰਾ ਵਿੱਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਭਾਰਤੀ ਭਾਈਚਾਰਿਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਵੀ ਹੋਵੇਗੀ। ਪ੍ਰਧਾਨ ਮੰਤਰੀ ਮੋਦੀ 25 ਜੂਨ ਨੂੰ ਅਲ-ਹਕੀਮ ਮਸਜਿਦ ਜਾਣਗੇ। ਪ੍ਰਧਾਨ ਮੰਤਰੀ ਮੋਦੀ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਹੇਲੀਓਪੋਲਿਸ ਕਬਰਸਤਾਨ ਵੀ ਜਾਣਗੇ। ਇਸ ਤੋਂ ਬਾਅਦ ਪੀਐਮ ਮੋਦੀ ਮਿਸਰ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ।