ਚੰਡੀਗੜ੍ਹ, 12 ਅਕਤੂਬਰ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪੂਰਬੀ ਐਕਸਪ੍ਰੈਸ (North Eastern Express) ਦੇ ਕੁਝ ਡੱਬੇ ਪਟੜੀ ਤੋਂ ਉਤਰਨ ਕਾਰਨ ਹੋਏ ਜਾਨੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਉੱਤਰ ਪੂਰਬੀ ਐਕਸਪ੍ਰੈਸ ਦੇ ਕੁਝ ਡੱਬੇ ਪਟੜੀ ਤੋਂ ਉਤਰਨ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਉਨ੍ਹਾਂ ਕਿਹਾ ਕਿ ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਧਿਕਾਰੀ ਸਾਰੇ ਪ੍ਰਭਾਵਿਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਜਿਕਰਯੋਗ ਇਹ ਕਿ ਬਿਹਾਰ ਦੇ ਬਕਸਰ ਦੇ ਰਘੁਨਾਥਪੁਰ ਸਟੇਸ਼ਨ ਦੇ ਕੋਲ ਬੁੱਧਵਾਰ ਰਾਤ ਨੂੰ 12506 ਉੱਤਰ ਪੂਰਬ ਐਕਸਪ੍ਰੈਸ (North Eastern Express) ਦੇ ਪਟੜੀ ਤੋਂ ਉਤਰਨ ਦੀ ਘਟਨਾ ਵਾਪਰੀ । ਇਸ ਟਰੇਨ ਦੀਆਂ ਸਾਰੀਆਂ 24 ਡੱਬੀਆਂ ਬੁੱਧਵਾਰ ਰਾਤ ਕਰੀਬ 9.30 ਵਜੇ ਪਟੜੀ ਤੋਂ ਉਤਰ ਗਈਆਂ। ਇਨ੍ਹਾਂ ਵਿੱਚੋਂ ਅੱਠ ਬੋਗੀਆਂ ਪੂਰੀ ਤਰ੍ਹਾਂ ਢਹਿ ਗਈਆਂ ਸਨ। ਇਨ੍ਹਾਂ ਅੱਠ ਬੋਗੀਆਂ ਵਿੱਚੋਂ ਦੋ ਇੱਕ ਦੂਜੇ ਨਾਲ ਟਕਰਾ ਕੇ ਢਲਾਨ ਤੋਂ ਹੇਠਾਂ ਡਿੱਗ ਗਈਆਂ।
ਹਾਦਸੇ ‘ਚ ਮਾਂ-ਧੀ ਸਮੇਤ ਚਾਰ ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਹੁਣ ਤੱਕ ਕਰੀਬ 200 ਯਾਤਰੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਨ੍ਹਾਂ ‘ਚੋਂ 70 ਦੇ ਕਰੀਬ ਗੰਭੀਰ ਜ਼ਖਮੀ ਹਨ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, ਬਕਸਰ ‘ਚ ਘਟਨਾ ਵਾਲੀ ਥਾਂ ‘ਤੇ ਰਾਹਤ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। NDRF, SDRF, ਜ਼ਿਲ੍ਹਾ ਪ੍ਰਸ਼ਾਸਨ, ਰੇਲਵੇ ਅਧਿਕਾਰੀ ਅਤੇ ਸਥਾਨਕ ਲੋਕ ਇੱਕ ਟੀਮ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਰੇਲਵੇ ਵਾਰ ਰੂਮ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ।