ਚੰਡੀਗੜ੍ਹ, 19 ਅਪ੍ਰੈਲ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਅਗਲੇ ਹਫ਼ਤੇ ਸਾਊਦੀ ਅਰਬ (Saudi Arabia) ਦਾ ਦੌਰਾ ਕਰਨਗੇ। ਇਹ ਦੌਰਾ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਦੇ ‘ਤੇ ਸਾਊਦੀ ਅਰਬ ਜਾਣਗੇ। ਪ੍ਰਧਾਨ ਮੰਤਰੀ 22 ਅਤੇ 23 ਅਪ੍ਰੈਲ ਨੂੰ ਜੇਦਾਹ ਸ਼ਹਿਰ ‘ਚ ਹੋਣਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ਨੀਵਾਰ ਨੂੰ ਵਿਦੇਸ਼ ਮੰਤਰਾਲੇ ਦੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿੱਚ ਇਸ ਦੌਰੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਦੌਰਾ ਭਾਰਤ ਅਤੇ ਸਾਊਦੀ ਅਰਬ (Saudi Arabia) ਦੇ ਸਬੰਧਾਂ ਲਈ ਬਹੁਤ ਮਹੱਤਵਪੂਰਨ ਹੈ। ਮਿਸਰੀ ਨੇ ਕਿਹਾ ਕਿ ਸਾਊਦੀ ਅਰਬ ਇਸਲਾਮੀ ਦੁਨੀਆ ‘ਚ ਇੱਕ ਪ੍ਰਮੁੱਖ ਆਵਾਜ਼ ਹੈ ਅਤੇ ਹੁਣ ਖੇਤਰੀ ਮਾਮਲਿਆਂ ‘ਚ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਉਨ੍ਹਾਂ ਦੀ ਆਪਸੀ ਸਮਝ ਅਤੇ ਉੱਚ ਪੱਧਰੀ ਰਣਨੀਤਕ ਸੋਚ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਦੌਰੇ ਦੌਰਾਨ ਦੋਵੇਂ ਆਗੂ ‘ਭਾਰਤ-ਸਾਊਦੀ ਰਣਨੀਤਕ ਭਾਈਵਾਲੀ ਪ੍ਰੀਸ਼ਦ’ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਕਈ ਸਮਝੌਤਿਆਂ (ਐਮਓਯੂ) ‘ਤੇ ਦਸਤਖ਼ਤ ਕੀਤੇ ਜਾ ਸਕਦੇ ਹਨ। ਸਮਝੌਤੇ ਅੰਤਿਮ ਪ੍ਰਵਾਨਗੀ ਦੇ ਪੜਾਅ ‘ਤੇ ਹਨ ਅਤੇ ਪੂਰੇ ਵੇਰਵੇ ਦੌਰੇ ਦੌਰਾਨ ਸਾਂਝੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ‘ਚ ਲਗਭਗ 27 ਲੱਖ ਭਾਰਤੀ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਇਹ ਭਾਰਤੀ ਪ੍ਰਵਾਸੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਹੈ।
ਭਾਰਤ ਅਤੇ ਸਾਊਦੀ ਅਰਬ ਵਿਚਕਾਰ ਕੂਟਨੀਤਕ ਸਬੰਧ 1947 ‘ਚ ਸਥਾਪਿਤ ਹੋਏ ਸਨ। 2010 ਵਿੱਚ, ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ‘ਰਣਨੀਤਕ ਭਾਈਵਾਲੀ’ ਦੇ ਪੱਧਰ ਤੱਕ ਉੱਚਾ ਕੀਤਾ ਗਿਆ ਸੀ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਨਿਯਮਿਤ ਤੌਰ ‘ਤੇ ਉੱਚ-ਪੱਧਰੀ ਦੌਰੇ ਹੁੰਦੇ ਰਹੇ ਹਨ। ਸਾਲ 2024 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਭਾਰਤ ਦੇ 11 ਮੰਤਰੀ ਸਾਊਦੀ ਅਰਬ ਦਾ ਦੌਰਾ ਕਰ ਚੁੱਕੇ ਹਨ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਤੇ ਖਣਿਜ ਮੰਤਰੀ ਨੇ ਵੀ ਨਵੰਬਰ 2024 ਅਤੇ ਫਰਵਰੀ 2025 ‘ਚ ਭਾਰਤ ਦਾ ਦੌਰਾ ਕੀਤਾ ਸੀ।
Read More: ਸ਼੍ਰੀਲੰਕਾ ਸਰਕਾਰ ਵੱਲੋਂ PM ਮੋਦੀ ‘ਸ਼੍ਰੀਲੰਕਾ ਮਿੱਤਰ ਵਿਭੂਸ਼ਣ ਪੁਰਸਕਾਰ’ ਨਾਲ ਸਨਮਾਨਿਤ