ਮਨੀਪੁਰ

ਮਨੀਪੁਰ ਜਾਣਗੇ PM ਮੋਦੀ, 8500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਤੇ ਰੱਖਣਗੇ ਨੀਂਹ ਪੱਥਰ

ਮਨੀਪੁਰ, 12 ਸਤੰਬਰ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮਨੀਪੁਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮਨੀਪੁਰ ‘ਚ 8500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਮਨੀਪੁਰ ਦੇ ਮੁੱਖ ਸਕੱਤਰ ਪੁਨੀਤ ਕੁਮਾਰ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਮਿਜ਼ੋਰਮ ਤੋਂ ਚੁਰਾਚਾਂਦਪੁਰ ਪਹੁੰਚਣਗੇ ਅਤੇ ਫਿਰ ਇੰਫਾਲ ਜਾਣਗੇ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ, ਵੀਰਵਾਰ ਸ਼ਾਮ ਨੂੰ ਕੁਕੀ-ਪ੍ਰਭਾਵਸ਼ਾਲੀ ਚੁਰਾਚਾਂਦਪੁਰ ਜ਼ਿਲ੍ਹੇ ‘ਚ ਦੋ ਥਾਵਾਂ ‘ਤੇ ਸ਼ਰਾਰਤੀ ਅਨਸਰਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜੱਪ ਹੋਈ।

ਮਨੀਪੁਰ ਦੇ ਮੁੱਖ ਸਕੱਤਰ ਨੇ ਕਿਹਾ ਕਿ ਮਨੀਪੁਰ ਦੇ ਸਮਾਵੇਸ਼ੀ, ਟਿਕਾਊ ਅਤੇ ਸੰਪੂਰਨ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੇ ਮੁਤਾਬਕ ਪ੍ਰਧਾਨ ਮੰਤਰੀ ਚੁਰਾਚਾਂਦਪੁਰ ‘ਚ 7,300 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਜਦੋਂ ਕਿ 1200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 13 ਸਤੰਬਰ ਨੂੰ ਪ੍ਰਧਾਨ ਮੰਤਰੀ ਦੀ ਮਨੀਪੁਰ ਦੀ ਫੇਰੀ ਸੂਬੇ ‘ਚ ਸ਼ਾਂਤੀ, ਆਮ ਸਥਿਤੀ ਅਤੇ ਵਿਕਾਸ ਦਾ ਰਾਹ ਪੱਧਰਾ ਕਰੇਗੀ। ਪ੍ਰਧਾਨ ਮੰਤਰੀ ਮੋਦੀ ਚੁਰਾਚਾਂਦਪੁਰ ਅਤੇ ਇੰਫਾਲ ‘ਚ ਅੰਦਰੂਨੀ ਤੌਰ ‘ਤੇ ਵਿਸਥਾਪਿਤ ਲੋਕਾਂ ਨਾਲ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਨੀਵਾਰ ਨੂੰ ਮਨੀਪੁਰ ਦੇ ਸੰਭਾਵੀ ਦੌਰੇ ਤੋਂ ਪਹਿਲਾਂ ਇੰਫਾਲ ਅਤੇ ਚੁਰਾਚਾਂਦਪੁਰ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਦੇ ਮਨੀਪੁਰ ਦੌਰੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਪਰ ਮਿਜ਼ੋਰਮ ਦੇ ਦੌਰੇ ਤੋਂ ਬਾਅਦ ਉਨ੍ਹਾਂ ਦੇ ਮਨੀਪੁਰ ਪਹੁੰਚਣ ਦੀ ਸੰਭਾਵਨਾ ਹੈ।

ਪ੍ਰਧਾਨ ਮੰਤਰੀ ਦੇ ਸੂਬੇ ਦੌਰੇ ਦੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਇੰਫਾਲ ‘ਚ ਲਗਭਗ 237 ਏਕੜ ‘ਚ ਫੈਲੇ ਕਾਂਗਲਾ ਕਿਲ੍ਹੇ ਅਤੇ ਚੁਰਾਚਾਂਦਪੁਰ ‘ਚ ਸ਼ਾਂਤੀ ਮੈਦਾਨ ਦੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਸੂਬੇ ਅਤੇ ਕੇਂਦਰੀ ਬਲ ਤਾਇਨਾਤ ਕੀਤੇ ਹਨ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਲਈ ਉੱਥੇ ਇੱਕ ਸ਼ਾਨਦਾਰ ਸਟੇਜ ਵੀ ਬਣਾਈ ਜਾ ਰਹੀ ਹੈ।

Read More: Manipur Violence: ਮਨੀਪੁਰ ‘ਚ ਇੱਕ ਵਾਰ ਫਿਰ ਤਣਾਅ, ਲਗਾਇਆ ਗਿਆ ਕਰਫਿਊ

Scroll to Top