ਚੰਡੀਗੜ੍ਹ, 5 ਅਪ੍ਰੈਲ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪ੍ਰੈਲ ਨੂੰ ਮਹਾਰਾਜਾ ਅਗਰਸੇਨ ਹਿਸਾਰ ਹਵਾਈ ਅੱਡੇ (Hisar Airport) ਤੋਂ ਅਯੁੱਧਿਆ ਲਈ ਹਵਾਈ ਸੇਵਾ ਦਾ ਉਦਘਾਟਨ ਕਰਨਗੇ। ਇਹ ਸਾਡੇ ਸਾਰਿਆਂ ਹਰਿਆਣਾ ਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਹਰਿਆਣਾ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਇਹ ਤੋਹਫ਼ਾ ਮਿਲਣ ਜਾ ਰਿਹਾ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਹਿਸਾਰ ‘ਚ ਨਸ਼ਾ ਮੁਕਤ ਹਰਿਆਣਾ ਸਾਈਕਲੋਥੌਨ 2.0 ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹ ਗੱਲ ਆਖੀ | ਹਿਸਾਰ ਹਵਾਈ ਅੱਡੇ (Hisar Airport) ਦੇ ਸਬੰਧ ‘ਚ ਹਿਸਾਰ ਦੇ ਸੰਸਦ ਮੈਂਬਰ ਜੈਪ੍ਰਕਾਸ਼ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਸਦ ਮੈਂਬਰ ਨੂੰ 14 ਅਪ੍ਰੈਲ ਨੂੰ ਆਉਣਾ ਚਾਹੀਦਾ ਹੈ, ਮੈਂ ਉਨ੍ਹਾਂ ਨੂੰ ਸੱਦਾ ਦਿੰਦਾ ਹਾਂ। ਉਨ੍ਹਾਂ ਨੂੰ ਟਿਕਟ ਵੀ ਨਹੀਂ ਦੇਣੀ ਪਵੇਗੀ। ਉਨ੍ਹਾਂ ਨੂੰ ਜਹਾਜ਼ ‘ਚ ਬਿਠਾ ਕੇ ਭਗਵਾਨ ਰਾਮ ਦੇ ਮੁਫ਼ਤ ਦਰਸ਼ਨ ਦਿੱਤੇ ਜਾਣਗੇ। ਸੂਬੇ ਦਾ ਹਰ ਵਿਅਕਤੀ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਖੜ੍ਹਾ ਹੋਵੇਗਾ।
ਵਕਫ਼ ਸੋਧ ਬਿੱਲ ਦੇ ਸੰਦਰਭ ‘ਚ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਤੁਸ਼ਟੀਕਰਨ ਦੀ ਰਾਜਨੀਤੀ ਲੰਬੇ ਸਮੇਂ ਤੱਕ ਜਾਰੀ ਰਹੀ, ਜਿਸ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਿਸਟਮ ਨੂੰ ਬਦਲਿਆ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਿਆ ਜਾ ਰਿਹਾ ਹੈ।
Read More: ਮੁੱਖ ਮੰਤਰੀ ਨੇ ਮਹਾਰਾਜਾ ਅਗਰਸੇਨ ਹਿਸਾਰ ਹਵਾਈ ਅੱਡੇ ਦਾ ਕੀਤਾ ਦੌਰਾ