ਮਲੇਸ਼ੀਆ, 23 ਅਕਤੂਬਰ 2025:47th ASEAN Summit: ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 47ਵੇਂ ਆਸੀਆਨ ਸੰਮੇਲਨ ਲਈ ਕੁਆਲਾਲੰਪੁਰ ਨਹੀਂ ਜਾਣਗੇ, ਸਗੋਂ ਇਸ ‘ਚ ਵਰਚੁਅਲ ਤੌਰ ‘ਤੇ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਦੇ ਇੱਕ ਕਰੀਬੀ ਸਹਿਯੋਗੀ ਨਾਲ ਫ਼ੋਨ ‘ਤੇ ਗੱਲਬਾਤ ਤੋਂ ਬਾਅਦ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਹੀਨੇ ਦੇ ਅੰਤ ‘ਚ ਕੁਆਲਾਲੰਪੁਰ ‘ਚ ਹੋਣ ਵਾਲੇ 47ਵੇਂ ਆਸੀਆਨ ਸੰਮੇਲਨ ਦੇ ਸੰਗਠਨ ‘ਤੇ ਚਰਚਾ ਕੀਤੀ।
ਉਨ੍ਹਾਂ ਮੈਨੂੰ ਦੱਸਿਆ ਕਿ ਭਾਰਤ ‘ਚ ਇਸ ਸਮੇਂ ਦੀਵਾਲੀ ਦੇ ਜਸ਼ਨਾਂ ਦੇ ਕਾਰਨ ਪ੍ਰਧਾਨ ਮੰਤਰੀ ਵਰਚੁਅਲ ਤੌਰ ‘ਤੇ ਸ਼ਾਮਲ ਹੋਣਗੇ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ “ਮੈਂ ਉਨ੍ਹਾਂ ਦੇ ਫੈਸਲੇ ਦਾ ਸਤਿਕਾਰ ਕਰਦਾ ਹਾਂ ਅਤੇ ਉਨ੍ਹਾਂ ਨੂੰ ਅਤੇ ਭਾਰਤ ਦੇ ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਟਵੀਟ ਕੀਤਾ ਕਿ ਮੇਰੇ ਦੋਸਤ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਨਿੱਘੀ ਗੱਲਬਾਤ ਹੋਈ। ਮੈਂ ਆਸੀਆਨ-ਭਾਰਤ ਸੰਮੇਲਨ ‘ਚ ਵਰਚੁਅਲ ਤੌਰ ‘ਤੇ ਸ਼ਾਮਲ ਹੋਣ ਅਤੇ ਆਸੀਆਨ-ਭਾਰਤ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਉਤਸੁਕ ਹਾਂ।”
ਜਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 47ਵੇਂ ਆਸੀਆਨ ਸੰਮੇਲਨ ‘ਚ ਸ਼ਾਮਲ ਹੋਣ ਲਈ ਮਲੇਸ਼ੀਆ ਦਾ ਦੌਰਾ ਵੀ ਕਰਨਗੇ। ਮਲੇਸ਼ੀਆ ਤੋਂ ਇਲਾਵਾ, ਟਰੰਪ ਦੱਖਣੀ ਕੋਰੀਆ ਅਤੇ ਜਾਪਾਨ ਦਾ ਵੀ ਦੌਰਾ ਕਰਨਗੇ। ਦੱਖਣੀ ਕੋਰੀਆ ‘ਚ, ਟਰੰਪ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਮੁਲਾਕਾਤ ਕਰਨਗੇ। ਟਰੰਪ ਨੇ ਬੁੱਧਵਾਰ ਨੂੰ ਮਲੇਸ਼ੀਆ ਦੀ ਆਪਣੀ ਫੇਰੀ ਦੀ ਪੁਸ਼ਟੀ ਕੀਤੀ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਯੋਜਨਾਬੱਧ ਮੁਲਾਕਾਤ ਰੱਦ ਕਰ ਦਿੱਤੀ ਹੈ।
Read More: ਡੋਨਾਲਡ ਟਰੰਪ ਦੀ ਚੀਨ ਨੂੰ ਚੇਤਾਵਨੀ, ਸਮਝੌਤਾ ਨਹੀਂ ਕੀਤਾ ਤਾਂ ਦੇਣਾ ਪਵੇਗਾ 155% ਟੈਰਿਫ