ਪੰਜਾਬ, 12 ਸਤੰਬਰ 2025: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ | ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਹੜ੍ਹਾਂ ਦੀ ਭਿਆਨਕ ਸਥਿਤੀ ‘ਚੋਂ ਲੰਘ ਰਿਹਾ ਪੰਜਾਬ ਅੱਜ ਦੇਸ਼ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਲੋਕ ਬੇਘਰ ਹੋ ਰਹੇ ਹਨ, ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ ਤੇ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇਸ ਮੁਸ਼ਕਿਲ ਸਮੇਂ ਪੰਜਾਬੀਆਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਦਰਦ ਨੂੰ ਸਮਝਣਗੇ ਅਤੇ ਵੱਡਾ ਰਾਹਤ ਪੈਕੇਜ ਦੇਣਗੇ, ਪਰ ਗੁਰਦਾਸਪੁਰ ਆ ਕੇ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ਼ ₹1,600 ਕਰੋੜ ਦਾ ਐਲਾਨ ਕੀਤਾ। ਆਗੂਆਂ ਦਾ ਕਹਿਣਾ ਹੈ ਕਿ ਇਸ ਤੋਂ ਵੀ ਵੱਧ ਦੁਖਦਾਈ ਗੱਲ ਉਨ੍ਹਾਂ ਦੀ “ਹਿੰਦੀ ਨਹੀਂ ਆਉਂਦੀ?” ਵਾਲੀ ਟਿੱਪਣੀ ਸੀ, ਜਿਸ ਨਾਲ ਨਾ ਸਿਰਫ਼ ਪੰਜਾਬ ਦੇ ਜ਼ਖ਼ਮਾਂ ‘ਤੇ ਨਮਕ ਛਿੜਕਿਆ ਸਗੋਂ ਪੰਜਾਬੀ ਮਾਂ-ਬੋਲੀ ਦਾ ਵੀ ਅਪਮਾਨ ਕੀਤਾ |
ਪੰਜਾਬ ਦੇ ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜਦੋਂ ਦੱਸਿਆ ਕਿ ਇਹ ਰਾਹਤ ਰਕਮ ਬਹੁਤ ਘੱਟ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਹੱਸ ਕੇ ਕਿਹਾ ਕਿ “ਹਿੰਦੀ ਨਹੀਂ ਆਉਂਦੀ?, 1600 ਕਰੋੜ ਐਲਾਨ ਕਰ ਦਿੱਤਾ।” ਇਸ ‘ਤੇ ਮੁੰਡੀਆਂ ਨੇ ਸਾਫ਼ ਜਵਾਬ ਦਿੱਤਾ ਕਿ “ਹਿੰਦੀ ਤਾਂ ਆਉਂਦੀ ਹੈ, ਪਰ ਪੈਸੇ ਘੱਟ ਹਨ। ਉਨ੍ਹਾਂ ਕਿਹਾ ਕਿ ”ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਗੰਭੀਰ ਸਥਿਤੀ ਨੂੰ ਹਾਸੇ-ਮਜ਼ਾਕ ‘ਚ ਉਡਾ ਦਿੱਤਾ। ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਪੰਜਾਬ ਦੇ ਲੋਕਾਂ ਦਾ ਨਹੀਂ, ਸਗੋਂ ਮਾਂ-ਬੋਲੀ ਪੰਜਾਬੀ ਦਾ ਵੀ ਅਪਮਾਨ ਹੈ। ਇੱਕ ਪ੍ਰਧਾਨ ਮੰਤਰੀ ਵੱਲੋਂ ਅਜਿਹੀ ਟਿੱਪਣੀ ਕਰਨਾ ਪੰਜਾਬ ਪ੍ਰਤੀ ਉਨ੍ਹਾਂ ਦੀ ਸੋਚ ਨੂੰ ਸਾਫ਼ ਕਰਦਾ ਹੈ।
ਆਪ ਪੰਜਾਬ ਪ੍ਰਧਾਨ ਅਤੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ “ਪੰਜਾਬ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਮਜ਼ਾਕ ਕੀਤਾ ਹੈ। 20,000 ਕਰੋੜ ਤੋਂ ਵੱਧ ਦੇ ਨੁਕਸਾਨ ‘ਤੇ ਸਿਰਫ਼ 1600 ਕਰੋੜ ਦੇਣਾ, ਜ਼ਖ਼ਮਾਂ ‘ਤੇ ਮਲ੍ਹਮ ਨਹੀਂ ਬਲਕਿ ਨਮਕ ਛਿੜਕਣਾ ਹੈ।” ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ 60,000 ਕਰੋੜ ਰੁਪਏ ਫੰਡ ਰੋਕੇ ਹੋਏ ਹਨ, ਜੋ ਅੱਜ ਦੀ ਲੋੜ ਮੁਤਾਬਕ ਤੁਰੰਤ ਜਾਰੀ ਹੋਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਸਿਰਫ਼ ਫੋਟੋ ਖਿਚਵਾਉਣ ਅਤੇ ਰਾਜਨੀਤਿਕ ਸਟੰਟ ਤੱਕ ਸੀਮਤ ਰਿਹਾ। ਜਦੋਂ ਪੰਜਾਬ ਨੂੰ ਵੱਡੇ ਪੱਧਰ ਦੀ ਮੱਦਦ ਦੀ ਲੋੜ ਸੀ, ਉਦੋਂ ਕੇਂਦਰ ਸਰਕਾਰ ਨੇ ਪੰਜਾਬ ਦਾ ਮਜ਼ਾਕ ਉਡਾ ਕੇ ਰਾਜਨੀਤਿਕ ਹੰਕਾਰ ਦਰਸਾਇਆ।
ਪੰਜਾਬ ਕੈਬਿਨਟ ਮੰਤਰੀ ਬਰਿੰਦਰ ਗੋਇਲ ਨੇ ਇਸ ਪੈਕੇਜ ਨੂੰ “ਵੱਡਾ ਮਜ਼ਾਕ” ਕਰਾਰ ਦਿੱਤਾ ਜਦਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ “30 ਦਿਨਾਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਦੀ ਯਾਦ ਆਈ ਤੇ 1600 ਕਰੋੜ ਦੇ ਕੇ ਉਨ੍ਹਾਂ ਨੇ ਊਠ ਦੇ ਮੂੰਹ ‘ਚ ਜੀਰਾ ਪਾ ਦਿੱਤਾ ਹੈ।”
ਉਨ੍ਹਾਂ ਕਿਹਾ ਕਿ ਖੁਦ ਭਾਜਪਾ ਦੇ ਰਵਨੀਤ ਬਿੱਟੂ ਨੇ ਵੀ ਮੰਨਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਲਹਿਜ਼ੇ ਨਾਲ ਪੰਜਾਬੀ ਭਾਸ਼ਾ ਦਾ ਅਪਮਾਨ ਹੋਇਆ ਹੈ। ਭਾਵੇਂ ਬਾਅਦ ‘ਚ ਉਨ੍ਹਾਂ ਨੇ ਗੱਲ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਦੇ ਲੋਕਾਂ ਨੇ ਇਸਨੂੰ ਆਪਣੇ ਮਾਣ-ਸਨਮਾਨ ‘ਤੇ ਸਿੱਧਾ ਹਮਲਾ ਮੰਨਿਆ।
ਆਪ ਸਰਕਾਰ ਨੇ ਕੇਂਦਰ ਤੋਂ ਮੁੜ ਮੰਗ ਕੀਤੀ ਹੈ ਕਿ ਹੜ੍ਹਾਂ ਕਾਰਨ ਹੋਏ 20,000 ਕਰੋੜ ਰੁਪਏ ਤੋਂ ਵੱਧ ਨੁਕਸਾਨ ਦੀ ਭਰਪਾਈ ਲਈ ਵੱਡਾ ਪੈਕੇਜ ਐਲਾਨਿਆ ਜਾਵੇ। ਇਸ ਤੋਂ ਇਲਾਵਾ, ਪੰਜਾਬ ਦੇ ਰੋਕੇ ਹੋਏ ਫੰਡ ਤੁਰੰਤ ਜਾਰੀ ਕੀਤੇ ਜਾਣ। ਆਪ ਦੀ ਪੰਜਾਬ ਸਰਕਾਰ ਨੇ ਕਿਹਾ ਕਿ ਜਿਵੇਂ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਤੱਕ ਪੰਜਾਬ ਹਮੇਸ਼ਾ ਅੱਗੇ ਰਿਹਾ ਹੈ, ਅੱਜ ਵੀ ਪੰਜਾਬ ਆਪਣੇ ਲੋਕਾਂ ਦੇ ਨਾਲ ਖੜ੍ਹਾ ਹੈ।
Read More: CM ਮਾਨ ਨੇ ਹੜ੍ਹ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ, ਮੁਆਵਜ਼ਾ ਦੇਣ ਦਾ ਕੀਤਾ ਐਲਾਨ