ਯੋਗ ਦਿਵਸ

PM ਮੋਦੀ ਨੇ ਯੋਗ ਦਿਵਸ ਸਮਾਗਮ ‘ਚ ਲਿਆ ਹਿੱਸਾ, ਆਂਧਰਾ ਪ੍ਰਦੇਸ਼ ਨੇ ਯੋਗ ‘ਚ ਬਣਾਇਆ ਗਿਨੀਜ਼ ਵਰਲਡ ਰਿਕਾਰਡ

ਆਂਧਰਾ ਪ੍ਰਦੇਸ਼, 21 ਜੂਨ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ‘ਚ ਯੋਗ ਦਿਵਸ ਸਮਾਗਮ ‘ਚ ਹਿੱਸਾ ਲਿਆ। ਉਨ੍ਹਾਂ ਇੱਥੇ ਲਗਭਗ ਤਿੰਨ ਲੱਖ ਲੋਕਾਂ ਨਾਲ ਯੋਗ ਕੀਤਾ। ਇਸ ਸਮਾਗਮ ‘ਚ ਪ੍ਰਧਾਨ ਮੰਤਰੀ ਮੋਦੀ ਨੇ ਯੋਗ ਰਾਹੀਂ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਸਥਾਪਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਯੋਗ ਧਰਤੀ ਦੇ ਹਰ ਕੋਨੇ ਤੱਕ ਪਹੁੰਚ ਗਿਆ ਹੈ।

ਆਂਧਰਾ ਪ੍ਰਦੇਸ਼ ਨੇ ਬਣਾਇਆ ਗਿਨੀਜ਼ ਵਰਲਡ ਰਿਕਾਰਡ

ਇਸ ਦੇ ਨਾਲ ਆਂਧਰਾ ਪ੍ਰਦੇਸ਼ ਸਰਕਾਰ ਨੇ ਗਿਨੀਜ਼ ਵਰਲਡ ਰਿਕਾਰਡ ਬਣਾਇਆ। ਪ੍ਰੋਗਰਾਮ ‘ਚ 50 ਲੱਖ ਤੋਂ ਵੱਧ ਯੋਗਾ ਸਰਟੀਫਿਕੇਟ ਵੀ ਵੰਡੇ ਗਏ | ਆਂਧਰਾ ਪ੍ਰਦੇਸ਼ ਸਰਕਾਰ ਨੇ ਯੋਗਾ ਆਂਧਰਾ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਸਦਾ ਉਦੇਸ਼ ਸੂਬੇ ‘ਚ ਰੋਜ਼ਾਨਾ ਯੋਗਾ ਕਰਨ ਵਾਲੇ 10 ਲੱਖ ਲੋਕਾਂ ਦਾ ਇੱਕ ਸਮੂਹ ਬਣਾਉਣਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗਾ ਸਿਹਤ ਅਤੇ ਸ਼ਾਂਤੀ ਦਾ ਵਿਸ਼ਵਵਿਆਪੀ ਪ੍ਰਤੀਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਸਿਡਨੀ ਓਪੇਰਾ ਹਾਊਸ ਦੀਆਂ ਪੌੜੀਆਂ ਹੋਣ, ਐਵਰੈਸਟ ਦੀਆਂ ਚੋਟੀਆਂ ਹੋਣ ਜਾਂ ਸਮੁੰਦਰ ਦਾ ਵਿਸਤਾਰ। ਸੰਦੇਸ਼ ਹਰ ਜਗ੍ਹਾ ਇੱਕੋ ਜਿਹਾ ਹੈ – ਯੋਗ ਸਾਰਿਆਂ ਦਾ ਹੈ ਅਤੇ ਸਾਰਿਆਂ ਲਈ ਹੈ। ਯੋਗ ਦੀ ਵਿਸ਼ਵਵਿਆਪੀ ਸਵੀਕ੍ਰਿਤੀ ਸਿਰਫ਼ ਪ੍ਰਤੀਕਾਤਮਕ ਨਹੀਂ ਹੈ, ਸਗੋਂ ਇਹ ਮਨੁੱਖੀ ਭਲਾਈ ਲਈ ਇੱਕ ਸਾਂਝਾ ਯਤਨ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਦਾ ਅਰਥ ਜੁੜਨਾ ਹੈ ਅਤੇ ਇਹ ਦੇਖਣਾ ਖੁਸ਼ਗਵਾਰ ਹੈ ਕਿ ਯੋਗ ਨੇ ਪੂਰੀ ਦੁਨੀਆ ਨੂੰ ਕਿਵੇਂ ਜੋੜਿਆ ਹੈ। ਮੋਦੀ ਨੇ ਕਿਹਾ ਕਿ ਅੱਜ ਜਦੋਂ ਦੁਨੀਆ ‘ਚ ਅਸ਼ਾਂਤੀ, ਤਣਾਅ ਅਤੇ ਅਸਥਿਰਤਾ ਵਧ ਰਹੀ ਹੈ, ਯੋਗ ਸ਼ਾਂਤੀ ਦੀ ਦਿਸ਼ਾ ਦਿਖਾਉਂਦਾ ਹੈ। ਇਹ ਇੱਕ ਵਿਰਾਮ ਬਟਨ ਵਾਂਗ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਯੋਗਾ ਕਰੋੜਾਂ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਿਆ ਹੈ। ਮੈਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਸਾਡੇ ਦਿਵਿਯਾਂਗ ਦੋਸਤ ਬ੍ਰੇਲ ‘ਚ ਯੋਗ ਸ਼ਾਸਤਰ ਪੜ੍ਹਦੇ ਹਨ। ਵਿਗਿਆਨੀ ਪੁਲਾੜ ‘ਚ ਯੋਗਾ ਕਰਦੇ ਹਨ। ਹਰ ਪਿੰਡ ਦੇ ਨੌਜਵਾਨ ਦੋਸਤ ਯੋਗਾ ਓਲੰਪੀਆਡ ‘ਚ ਹਿੱਸਾ ਲੈਂਦੇ ਹਨ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਵੀ ਪ੍ਰਧਾਨ ਮੰਤਰੀ ਨਾਲ ਯੋਗ ਕੀਤਾ। ਇਸ ਸਾਲ ਦੇ ਯੋਗਾ ਸਮਾਗਮ ਦਾ ਥੀਮ ‘ਇੱਕ ਧਰਤੀ, ਸਿਹਤ ਲਈ ਇੱਕ ਯੋਗ’ ਹੈ। ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਦੇ ਮੁਤਾਬਕ 191 ਦੇਸ਼ਾਂ ‘ਚ 1,300 ਥਾਵਾਂ ‘ਤੇ 2,000 ਤੋਂ ਵੱਧ ਯੋਗਾ ਸਮਾਗਮ ਕਰਵਾਏ ਗਏ।

Read More: International Yoga Day 2025: ਅੰਤਰਰਾਸ਼ਟਰੀ ਯੋਗ ਦਿਵਸ ਦਾ ਇਤਿਹਾਸ, ਥੀਮ ਅਤੇ ਉਦੇਸ਼

Scroll to Top