ਚੰਡੀਗੜ੍ਹ, 04 ਜੁਲਾਈ 2024: ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ (Team India) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ | ਇਸ ਦੌਰਾਨ ਭਾਰਤੀ ਕ੍ਰਿਕਟ ਖਿਡਾਰੀਆਂ ਨੇ ਨਾਸ਼ਤਾ ਕੀਤਾ ਅਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਵੀ ਕੀਤੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਭਾਰਤੀ ਖਿਡਾਰੀਆਂ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਗੱਲਬਾਤ ਦੌਰਾਨ ਖੂਬ ਹਾਸਾ-ਠੱਠਾ ਹੋਇਆ।
ਪ੍ਰਧਾਨ ਮੰਤਰੀ ਮੋਦੀ ਨੇ ਚੈਂਪੀਅਨ ਖਿਡਾਰੀਆਂ ਅਤੇ ਟਰਾਫੀ ਨਾਲ ਤਸਵੀਰਾਂ ਖਿਚਵਾਈਆਂ। ਇਸ ਤੋਂ ਬਾਅਦ ਭਾਰਤੀ ਖਿਡਾਰੀ ਬੱਸ ਵਿੱਚ ਸਵਾਰ ਹੋ ਕੇ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋ ਗਏ। ਇੱਥੋਂ ਭਾਰਤੀ ਖਿਡਾਰੀ ਮੁੰਬਈ ਜਾਣਗੇ। ਭਾਰਤੀ ਖਿਡਾਰੀ ਅੱਜ ਮੁੰਬਈ ਦੇ ਮਰੀਨ ਡਰਾਈਵ ਅਤੇ ਵਾਨਖੇੜੇ ਸਟੇਡੀਅਮ ਵਿਚਾਲੇ ਹੋਣ ਵਾਲੀ ਜਿੱਤ ਪਰੇਡ ਵਿੱਚ ਵੀ ਹਿੱਸਾ ਲੈਣਗੇ।
ਭਾਰਤੀ ਟੀਮ (Team India) ਨੂੰ ਬਾਰਬਾਡੋਸ ‘ਚ ਭਾਰੀ ਮੀਂਹ ਕਾਰਨ ਆਉਣ ‘ਚ ਦੇਰੀ ਗਈ ਸੀ | ਖ਼ਰਾਬ ਮੌਸਮ ਕਾਰਨ ਬੀਸੀਸੀਆਈ ਨੇ ਭਾਰਤੀ ਖਿਡਾਰੀਆਂ ਦੀ ਵਾਪਸੀ ਲਈ ਇੱਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਸੀ | ਭਾਰਤੀ ਕ੍ਰਿਕਟ ਟੀਮ ਦਾ ਬਾਰਬਾਡੋਸ ਤੋਂ ਦਿੱਲੀ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ | ਜਿਕਰਯੋਗ ਹੈ ਕਿ ਭਾਰਤ ਨੇ 17 ਸਾਲ ਬਾਅਦ ਟੀ20 ਵਿਸ਼ਵ ਕੱਪ ਜਿੱਤਿਆ ਹੈ | ਇਸਤੋਂ ਪਹਿਲਾਂ 2007 ‘ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ | ਭਾਰਤ ਨੇ 11 ਸਾਲ ਬਾਅਦ ਕੋਈ ਆਈ.ਸੀ.ਸੀ ਦਾ ਖਿਤਾਬ ਜਿੱਤਿਆ ਹੈ |