ਚੰਡੀਗੜ੍ਹ, 2 ਮਾਰਚ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇਟਲੀ (Italy) ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਵਿਚਾਲੇ ਦੁਵੱਲੀ ਗੱਲਬਾਤ ਵੀ ਹੋਈ, ਜਿਸ ‘ਚ ਆਪਸੀ ਸਹਿਯੋਗ ਅਤੇ ਦੇਸ਼ਾਂ ਵਿਚਾਲੇ ਮਜ਼ਬੂਤ ਸਬੰਧਾਂ ‘ਤੇ ਚਰਚਾ ਕੀਤੀ ਗਈ ਹੈ । ਮੁਲਾਕਾਤ ਤੋਂ ਬਾਅਦ ਪ੍ਰਧਾਨ ਮੋਦੀ ਨੇ ਕਿਹਾ ਕਿ ਉਹ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਉਨ੍ਹਾਂ ਦੇ ਵਫ਼ਦ ਦਾ ਭਾਰਤ ਦੇ ਪਹਿਲੇ ਦੌਰੇ ‘ਤੇ ਸਵਾਗਤ ਕਰਦੇ ਹਨ।
ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਅਤੇ ਇਟਲੀ (Italy) ਦਰਮਿਆਨ ਸਟਾਰਟਅੱਪ ਬ੍ਰਿਜ ਦੀ ਸਥਾਪਨਾ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਸ ਦਾ ਅਸੀਂ ਸਵਾਗਤ ਕਰਦੇ ਹਾਂ। ਅਸੀਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਨਿਯਮਤ ਸੰਯੁਕਤ ਅਭਿਆਸ ਅਤੇ ਸਿਖਲਾਈ ਕੋਰਸ ਕਰਵਾਉਣ ਦਾ ਫੈਸਲਾ ਕੀਤਾ ਹੈ।
ਰਾਏਸੀਨਾ ਡਾਇਲਾਗ ਦਾ 8ਵਾਂ ਐਡੀਸ਼ਨ ਅੱਜ ਤੋਂ ਦਿੱਲੀ ਵਿੱਚ ਸ਼ੁਰੂ ਹੋਵੇਗਾ। ਇਸ ਦੇ ਮੁੱਖ ਮਹਿਮਾਨ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਹਨ। ਵੀਰਵਾਰ ਨੂੰ ਦਿੱਲੀ ਪਹੁੰਚ ਕੇ ਉਨ੍ਹਾਂ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਹੋਈ।
ਪ੍ਰੈੱਸ ਕਾਨਫਰੰਸ ‘ਚ ਮੇਲੋਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਹਨ। ਇਹ ਸਾਬਤ ਹੋ ਗਿਆ ਹੈ। ਇਸ ਲਈ ਉਨ੍ਹਾਂ ਨੂੰ ਵਧਾਈ ਦਿੰਦੀ ਹਾਂ। ਇਹ ਗੱਲਾਂ ਸੁਣ ਕੇ ਦੂਜੇ ਮੰਚ ‘ਤੇ ਖੜ੍ਹੇ ਪ੍ਰਧਾਨ ਮੰਤਰੀ ਮੋਦੀ ਹੱਸਦੇ ਨਜ਼ਰ ਆਏ।ਇੱਥੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਇਟਲੀ ਵਿਚਾਲੇ ਸਟਾਰਟ ਅੱਪ ਪੁਲ ਦਾ ਐਲਾਨ ਕੀਤਾ ਹੈ ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ 75 ਸਾਲਾਂ ਤੋਂ ਕੂਟਨੀਤਕ ਸੰਬੰਧ ਹਨ, ਪਰ ਹੁਣ ਤੱਕ ਰੱਖਿਆ ਸਬੰਧ ਨਹੀਂ ਸਨ। ਅੱਜ ਅਸੀਂ ਇਸ ਦੀ ਸ਼ੁਰੂਆਤ ਵੀ ਕਰ ਰਹੇ ਹਾਂ। ਇਸ ਤੋਂ ਇਲਾਵਾ ਦੋਵੇਂ ਦੇਸ਼ ਦੀਆਂ ਫੌਜਾਂ ਦੇ ਸਾਂਝੇ ਅਭਿਆਸ ‘ਤੇ ਸਹਿਮਤੀ ਪ੍ਰਗਟਾਈ, ਨਵਿਆਉਣਯੋਗ ਊਰਜਾ, ਹਾਈਡ੍ਰੋਜਨ, ਆਈ.ਟੀ., ਦੂਰਸੰਚਾਰ, ਸੈਮੀਕੰਡਕਟਰ ਅਤੇ ਪੁਲਾੜ ਨਾਲ ਜੁੜੇ ਮੁੱਦਿਆਂ ‘ਤੇ ਮਿਲ ਕੇ ਕੰਮ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਇੰਡੋ-ਪੈਸੀਫਿਕ ਵਿੱਚ ਇਟਲੀ ਦੀ ਸਰਗਰਮ ਭਾਗੀਦਾਰੀ ਦਾ ਵੀ ਸਵਾਗਤ ਕਰਦੇ ਹਾਂ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਟਲੀ ਨੇ ਇੰਡੋ ਪੈਸੀਫਿਕ ਓਸ਼ਨ ਇਨੀਸ਼ੀਏਟਿਵ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਰੂਸ-ਯੂਕਰੇਨ ਵਿਵਾਦ ‘ਤੇ ਪ੍ਰਧਾਨ ਮੰਤਰੀ ਮੇਲੋਨੀ ਨੇ ਕਿਹਾ ਕਿ ਯੂਕਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਵਿਵਾਦ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਭਾਰਤ ਕਿਸੇ ਵੀ ਸ਼ਾਂਤੀ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।