ਤਿਰੂਵਨੰਤਪੁਰਮ, 23 ਜਨਵਰੀ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੋਣਾਂ ਵਾਲੇ ਕੇਰਲ ਰਾਜ ਦੀ ਰਾਜਧਾਨੀ ਤਿਰੂਵਨੰਤਪੁਰਮ ‘ਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ। ਇਹ ਰੋਡ ਸ਼ੋਅ ਥੰਪਨੂਰ ਓਵਰਬ੍ਰਿਜ ਤੋਂ ਸ਼ੁਰੂ ਹੋਇਆ ਅਤੇ ਪੁਥਰੀਕੰਡਮ ਗਰਾਊਂਡ ‘ਤੇ ਸਮਾਪਤ ਹੋਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਵੱਖ-ਵੱਖ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸਵਾਨੀਧੀ ਕ੍ਰੈਡਿਟ ਕਾਰਡ ਵੀ ਲਾਂਚ ਕੀਤਾ ਅਤੇ ਇੱਕ ਲੱਖ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਸਵਾਨੀਧੀ ਕਰਜ਼ੇ ਵੰਡੇ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਕਿਹਾ ਕਿ ਅੱਜ, ਪੂਰਾ ਦੇਸ਼ ਇੱਕ ਵਿਕਸਤ ਭਾਰਤ ਦੇ ਨਿਰਮਾਣ ਲਈ ਇੱਕਜੁੱਟ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਹਿਰ ਇੱਕ ਵਿਕਸਤ ਭਾਰਤ ਦੇ ਨਿਰਮਾਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ‘ਚ, ਕੇਂਦਰ ਸਰਕਾਰ ਸ਼ਹਿਰੀ ਬੁਨਿਆਦੀ ਢਾਂਚੇ ‘ਚ ਵੱਡਾ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸ਼ਹਿਰੀ ਗਰੀਬ ਪਰਿਵਾਰਾਂ ਲਈ ਬਹੁਤ ਕੁਝ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ, ਦੇਸ਼ ਭਰ ‘ਚ 4 ਕਰੋੜ ਤੋਂ ਵੱਧ ਘਰ ਬਣਾਏ ਗਏ ਹਨ ਅਤੇ ਗਰੀਬਾਂ ਨੂੰ ਦਿੱਤੇ ਗਏ ਹਨ। ਸ਼ਹਿਰੀ ਗਰੀਬਾਂ ਲਈ 1 ਕਰੋੜ ਤੋਂ ਵੱਧ ਘਰ ਬਣਾਏ ਗਏ ਹਨ। ਕੇਰਲ ‘ਚ ਸਵਾ ਲੱਖ ਸ਼ਹਿਰੀ ਗਰੀਬਾਂ ਨੂੰ ਆਪਣੇ ਪੱਕੇ ਘਰ ਮਿਲ ਗਏ ਹਨ।
ਉਨ੍ਹਾਂ ਕਿਹਾ, “ਗਰੀਬ ਪਰਿਵਾਰਾਂ ਲਈ ਬਿਜਲੀ ਦੇ ਬਿੱਲ ਬਚਾਉਣ ਲਈ, ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਗਈ ਸੀ। ਆਯੁਸ਼ਮਾਨ ਭਾਰਤ ਰਾਹੀਂ ਗਰੀਬਾਂ ਨੂੰ 5 ਲੱਖ ਰੁਪਏ ਦੀਆਂ ਮੁਫ਼ਤ ਸਿਹਤ ਸੰਭਾਲ ਸੇਵਾਵਾਂ ਮਿਲ ਰਹੀਆਂ ਹਨ। ਔਰਤਾਂ ਦੀ ਸਿਹਤ ਨੂੰ ਯਕੀਨੀ ਬਣਾਉਣ ਲਈ ਮਾਤਰੂ ਵੰਦਨਾ ਵਰਗੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਕੇਂਦਰ ਸਰਕਾਰ ਨੇ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਤੋਂ ਛੋਟ ਦਿੱਤੀ ਹੈ। ਇਸ ਨਾਲ ਕੇਰਲ ਦੇ ਲੋਕਾਂ, ਖਾਸ ਕਰਕੇ ਮੱਧ ਵਰਗ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ।”
Read More: ਕੁਰੂਕਸ਼ੇਤਰ ‘ਚ ਅੰਤਰਰਾਸ਼ਟਰੀ ਸਰਸਵਤੀ ਉਤਸਵ ‘ਚ ਸ਼ਾਮਲ ਹੋਏ CM ਨਾਇਬ ਸੈਣੀ, ₹67 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ




