ਚੰਡੀਗੜ੍ਹ, 09 ਸਤੰਬਰ 2023: ਪ੍ਰਧਾਨ ਮੰਤਰੀ ਮੋਦੀ ਨੇ ‘ਗਲੋਬਲ ਬਾਇਓਫਿਊਲ ਅਲਾਇੰਸ’ (Global Biofuel Alliance) ਲਾਂਚ ਕੀਤਾ ਹੈ । ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਬ੍ਰਾਜ਼ੀਲ, ਅਰਜਨਟੀਨਾ ਅਤੇ ਇਟਲੀ ਦੇ ਰਾਜ ਮੁਖੀ ਵੀ ਮੌਜੂਦ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਪਰਕ ਵਧਾਉਣਾ ਭਾਰਤ ਦੀ ਤਰਜੀਹ ਹੈ।
ਭਾਰਤ ਨੇ ਸ਼ਨੀਵਾਰ ਨੂੰ ਗਲੋਬਲ ਬਾਇਓਫਿਊਲ ਅਲਾਇੰਸ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ ਅਤੇ G20 ਦੇਸ਼ਾਂ ਨੂੰ ਪੈਟਰੋਲ ਦੇ ਨਾਲ ਈਥਾਨੋਲ ਮਿਸ਼ਰਣ ਨੂੰ ਵਿਸ਼ਵ ਪੱਧਰ ‘ਤੇ 20 ਪ੍ਰਤੀਸ਼ਤ ਤੱਕ ਲੈ ਜਾਣ ਦੇ ਸੱਦੇ ਦੇ ਨਾਲ ਪਹਿਲਕਦਮੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ।
ਇਸਦੇ ਨਾਲ ਹੀ ‘ਵਨ ਅਰਥ’ ‘ਤੇ ਜੀ-20 ਸਿਖਰ ਸੰਮੇਲਨ ਸੈਸ਼ਨ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਾਤਾਵਰਣ ਅਤੇ ਜਲਵਾਯੂ ਨਿਰੀਖਣ ਲਈ ਜੀ-20 ਸੈਟੇਲਾਈਟ ਮਿਸ਼ਨ’ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਰੱਖਿਆ ਅਤੇ ਵਿਦੇਸ਼ੀ ਪ੍ਰਤੀਨਿਧੀਆਂ ਨੂੰ ‘ਗ੍ਰੀਨ ਕ੍ਰੈਡਿਟ ਇਨੀਸ਼ੀਏਟਿਵ’ ‘ਤੇ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ, “ਅੱਜ ਸਮੇਂ ਦੀ ਲੋੜ ਹੈ ਕਿ ਸਾਰੇ ਦੇਸ਼ ਈਂਧਨ ਦੇ ਮਿਸ਼ਰਣ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ। ਸਾਡਾ ਪ੍ਰਸਤਾਵ ਪੈਟਰੋਲ ਵਿੱਚ ਈਥਾਨੋਲ ਮਿਸ਼ਰਣ ਨੂੰ 20 ਪ੍ਰਤੀਸ਼ਤ ਤੱਕ ਲੈ ਜਾਣ ਲਈ ਇੱਕ ਗਲੋਬਲ ਪਹਿਲ ਕਰਨ ਦਾ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਨ ਵਿੱਚ ਕਿਹਾ, “ਜਾਂ ਵਿਕਲਪਿਕ ਤੌਰ ‘ਤੇ, ਅਸੀਂ ਵਿਆਪਕ ਗਲੋਬਲ ਭਲਾਈ ਲਈ ਇੱਕ ਹੋਰ ਮਿਸ਼ਰਣ ਵਿਕਸਿਤ ਕਰਨ ‘ਤੇ ਕੰਮ ਕਰ ਸਕਦੇ ਹਾਂ, ਜੋ ਸਥਿਰ ਊਰਜਾ ਸਪਲਾਈ ਨੂੰ ਯਕੀਨੀ ਬਣਾਉਂਦੇ ਹੋਏ ਜਲਵਾਯੂ ਸੁਰੱਖਿਆ ਵਿੱਚ ਵੀ ਯੋਗਦਾਨ ਪਾਉਂਦਾ ਹੈ| ਇਸ ਸੈਸ਼ਨ ‘ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕਈ ਹੋਰ ਲੋਕ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੀ ਚੁਣੌਤੀ ਦੇ ਮੱਦੇਨਜ਼ਰ ਊਰਜਾ ਪਰਿਵਰਤਨ 21ਵੀਂ ਸਦੀ ਦੇ ਵਿਸ਼ਵ ਦੀ ਮਹੱਤਵਪੂਰਨ ਲੋੜ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਵੇਸ਼ੀ ਊਰਜਾ ਤਬਦੀਲੀ ਲਈ ਖਰਬਾਂ ਡਾਲਰ ਦੀ ਲੋੜ ਹੈ ਅਤੇ ਵਿਕਸਤ ਦੇਸ਼ ਇਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਹਾ, “ਭਾਰਤ ਦੇ ਨਾਲ-ਨਾਲ ਗਲੋਬਲ ਸਾਊਥ ਦੇ ਸਾਰੇ ਦੇਸ਼ ਖੁਸ਼ ਹਨ ਕਿ ਵਿਕਸਤ ਦੇਸ਼ਾਂ ਨੇ ਇਸ ਸਾਲ 2023 ਵਿੱਚ ਸਕਾਰਾਤਮਕ ਪਹਿਲਕਦਮੀਆਂ ਕੀਤੀਆਂ ਹਨ। ਵਿਕਸਤ ਦੇਸ਼ਾਂ ਨੇ ਪਹਿਲੀ ਵਾਰ ਜਲਵਾਯੂ ਵਿੱਤ ਲਈ 100 ਬਿਲੀਅਨ ਅਮਰੀਕੀ ਡਾਲਰ ਦੀ ਵਚਨਬੱਧਤਾ ਪ੍ਰਗਟਾਈ ਹੈ।