India Mobile Congress

PM ਮੋਦੀ ਵੱਲੋਂ ਇੰਡੀਆ ਮੋਬਾਈਲ ਕਾਂਗਰਸ ਐਡੀਸ਼ਨ ਦਾ ਉਦਘਾਟਨ, ‘ਮੇਕ ਇਨ ਇੰਡੀਆ’ ‘ਤੇ ਦਿੱਤਾ ਜ਼ੋਰ

ਦਿੱਲੀ, 08 ਅਕਤੂਬਰ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਿੱਲੀ ਦੇ ਯਸ਼ੋਭੂਮੀ ਵਿਖੇ ਇੰਡੀਆ ਮੋਬਾਈਲ ਕਾਂਗਰਸ (IMC) 2025 ਦੇ 9ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਹ ਏਸ਼ੀਆ ਦਾ ਸਭ ਤੋਂ ਵੱਡਾ ਟੈਲੀਕਾਮ, ਮੀਡੀਆ ਅਤੇ ਤਕਨਾਲੋਜੀ ਪ੍ਰੋਗਰਾਮ ਹੈ।

ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਜਦੋਂ ਮੈਂ ‘ਮੇਕ ਇਨ ਇੰਡੀਆ’ ਬਾਰੇ ਗੱਲ ਕੀਤੀ ਸੀ, ਤਾਂ ਕੁਝ ਲੋਕ ਇਸਦਾ ਮਜ਼ਾਕ ਉਡਾਉਂਦੇ ਸਨ। ਉਨ੍ਹਾਂ ਨੂੰ ਆਪਣਾ ਜਵਾਬ ਮਿਲ ਗਿਆ ਹੈ। ਜਿਸ ਦੇਸ਼ ਨੂੰ ਕਦੇ 2G ਨਾਲ ਜੂਝਣਾ ਪੈਂਦਾ ਸੀ, ਹੁਣ ਹਰ ਜ਼ਿਲ੍ਹੇ ‘ਚ 5G ਪਹੁੰਚ ਹੈ। ਅੱਜ ਭਾਰਤ ‘ਚ 1GB ਵਾਇਰਲੈੱਸ ਡੇਟਾ ਦੀ ਕੀਮਤ ਇੱਕ ਕੱਪ ਚਾਹ ਤੋਂ ਵੀ ਘੱਟ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੇ ਮੇਡ ਇਨ ਇੰਡੀਆ 4G ਸਟੈਕ ਲਾਂਚ ਕੀਤਾ ਹੈ। ਭਾਰਤ ਹੁਣ ਇਸ ਸਮਰੱਥਾ ਵਾਲੇ ਚੋਟੀ ਦੇ ਪੰਜ ਦੇਸ਼ਾਂ ‘ਚੋਂ ਇੱਕ ਹੈ। ਪੂਰੀ ਦੁਨੀਆ ਭਾਰਤ ਦੀ ਸੰਭਾਵਨਾ ਨੂੰ ਪਛਾਣ ਰਹੀ ਹੈ। ਸਾਡੇ ਕੋਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਲੀਕਾਮ ਅਤੇ 5G ਬਾਜ਼ਾਰ ਹੈ। ਇਹ ਭਾਰਤ ‘ਚ ਨਿਵੇਸ਼, ਨਵੀਨਤਾ ਅਤੇ ਨਿਰਮਾਣ ਦਾ ਸਹੀ ਸਮਾਂ ਹੈ।”

IMC 2025 8 ਅਕਤੂਬਰ ਤੋਂ 11 ਅਕਤੂਬਰ ਤੱਕ ਚੱਲੇਗਾ। ਭਾਰਤ ਅਤੇ ਵਿਦੇਸ਼ਾਂ ਦੀਆਂ ਕੰਪਨੀਆਂ, ਸਟਾਰਟਅੱਪ ਅਤੇ ਮਾਹਰ ਨਵੀਆਂ ਤਕਨਾਲੋਜੀਆਂ ਪੇਸ਼ ਕਰਨਗੇ। ਭਾਰਤ, ਕੈਨੇਡਾ, ਜਾਪਾਨ, ਯੂਨਾਈਟਿਡ ਕਿੰਗਡਮ ਅਤੇ ਰੂਸ ਸਮੇਤ 150 ਤੋਂ ਵੱਧ ਦੇਸ਼ਾਂ ਦੇ 150,000 ਤੋਂ ਵੱਧ ਬੁਲਾਰੇ, 7,000 ਤੋਂ ਵੱਧ ਗਲੋਬਲ ਡੈਲੀਗੇਟ ਅਤੇ 400 ਤੋਂ ਵੱਧ ਕੰਪਨੀਆਂ ਹਿੱਸਾ ਲੈਣਗੀਆਂ।

ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, “ਅੱਜ ਸਾਡੀ ਦੂਰਸੰਚਾਰ ਕ੍ਰਾਂਤੀ ਚਾਰ ‘ਡੀ’ – ਡੈਮੋਕਰੇਸੀ, ਡੈਮੋਗ੍ਰਾਫੀ, ਡਿਜੀਟਲ ਫਸਟ ਅਤੇ ਡਿਲੀਵਰੀ ‘ਤੇ ਅਧਾਰਤ ਹੈ। 2014 ‘ਚ ਇੱਕ ਜੀਬੀ ਡੇਟਾ ਦੀ ਕੀਮਤ ₹287 ਹੁੰਦੀ ਸੀ। ਅੱਜ, ਉਸੇ 1 ਜੀਬੀ ਡੇਟਾ ਦੀ ਕੀਮਤ ਸਿਰਫ ₹9.11 ਹੈ।”

ਜਯੋਤੀਰਾਦਿੱਤਿਆ ਸਿੰਧੀਆ ਨੇ ਕਿਹਾ, “ਇਹ ਸਿਰਫ਼ ਇੱਕ ਦੂਰਸੰਚਾਰ ਕ੍ਰਾਂਤੀ ਨਹੀਂ ਹੈ। ਇਹ ਇੱਕ ਵਿਕਸਤ ਭਾਰਤ ਦੀ ਕ੍ਰਾਂਤੀ ਹੈ। ਹੁਨਰ ਸਾਨੂੰ ਸਸ਼ਕਤ ਬਣਾਉਂਦੇ ਹਨ, ਸੁਰੱਖਿਆ ਸਾਨੂੰ ਵਿਸ਼ਵਾਸ ਦਿੰਦੀ ਹੈ, ਅਤੇ ਪ੍ਰਭੂਸੱਤਾ ਸਾਨੂੰ ਸਵੈ-ਨਿਰਭਰ ਬਣਾਉਂਦੀ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ, ਭਾਰਤ ਇੱਕ ਵਿਸ਼ਵ ਪੱਧਰ ‘ਤੇ ਨਿਰਭਰ ਦੇਸ਼ ਤੋਂ ਇੱਕ ਸਵੈ-ਨਿਰਭਰ ਭਾਰਤ ਵਿੱਚ ਬਦਲ ਰਿਹਾ ਹੈ।”

Read More: PM ਮੋਦੀ ਨੇ ਵਲਾਦੀਮੀਰ ਪੁਤਿਨ ਉਨ੍ਹਾਂ ਦੇ ਜਨਮਦਿਨ ‘ਤੇ ਦਿੱਤੀ ਵਧਾਈ

Scroll to Top