July 7, 2024 7:18 am
Hardeep Puri

PM ਮੋਦੀ ਨੇ ਪੂਰੀ ਦੁਨੀਆ ਨੂੰ ਸਾਬਤ ਕਰ ਦਿੱਤਾ ਹੈ ਕਿ ਅੱਜ ਭਾਰਤ ਆਪਣੀ ਨਵੀਂ ਸੋਚ ਅਤੇ ਨਵੀਂ ਦਿਸ਼ਾ ‘ਚ ਕਿਸੇ ਦੇਸ਼ ਤੋਂ ਘੱਟ ਨਹੀਂ: ਹਰਦੀਪ ਪੁਰੀ

ਜਲੰਧਰ, 28 ਅਪ੍ਰੈਲ 2023: ਭਾਰਤੀ ਜਨਤਾ ਪਾਰਟੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਪਣੇ ਜਲੰਧਰ ਦੌਰੇ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਲੋਕ ਸਭਾ ਚੋਣ ਦਫਤਰ ਲਾਜਪਤ ਨਗਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬੀ.ਜੇ.ਪੀ. ਆਪਣੇ ਪੈਰਾਂ ‘ਤੇ ਖਾਦੀ ਹੋ ਰਹੀ ਹੈ।

ਉਨ੍ਹਾਂ ਸਮੂਹ ਪੱਤਰਕਾਰਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਦਾ ਹਾਂ ਕਿ ਅੱਜ ਆਪਣੇ ਮਨ ਨਾਲ ਦੱਸੋ ਕਿ 2024 ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਜਨਤਾ ਪਾਰਟੀ ਵੱਲ ਉਠ ਜਾਂਦੀਆਂ ਹਨ, ਕਿਉਂਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪੂਰੀ ਦੁਨੀਆ ਵਿੱਚ ਇਹ ਸਾਬਿਤ ਕਰ ਦਿੱਤਾ ਹੈ ਕਿ ਅੱਜ ਭਾਰਤ ਆਪਣੀ ਨਵੀਂ ਸੋਚ ਅਤੇ ਨਵੀਂ ਦਿਸ਼ਾ ਵਿੱਚ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾਈ ਬੁਲਾਰੇ ਅਨਿਲ ਸਰੀਨ, ਇਮਪ੍ਰੀਤ ਬਖਸ਼ੀ, ਨੀਲ ਬਖਸ਼ੀ, ਸੌਰਭ, ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਸੰਨੀ ਸ਼ਰਮਾ ਆਦਿ ਵੀ ਮੌਜੂਦ ਸਨ।

ਹਰਦੀਪ ਸਿੰਘ ਪੁਰੀ ਸਭ ਤੋਂ ਪਹਿਲਾਂ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਮੱਥਾ ਟੇਕਣ ਲਈ ਪੁੱਜੇ ਜਿੱਥੇ ਉਨ੍ਹਾਂ ਨੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਕੈਂਟ ਵਿਧਾਨ ਸਭਾ ਦੇ ਸਮੂਹ ਬੂਥ ਵਰਕਰਾਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦੀਪ ਪੁਰੀ ਨੇ ਕਿਹਾ ਕਿ ਕਿਉਂਕਿ ਪਹਿਲਾਂ ਭਾਜਪਾ ਗਠਜੋੜ ਵਿੱਚ ਸੀ ਅਤੇ ਅੱਜ ਵੀ ਭਾਰਤੀ ਜਨਤਾ ਪਾਰਟੀ ਜ਼ਿਆਦਾਤਰ ਉਨ੍ਹਾਂ ਸੀਟਾਂ ‘ਤੇ ਕੇਂਦਰਿਤ ਹੈ, ਜਿਨ੍ਹਾਂ ‘ਤੇ ਪਹਿਲਾਂ ਅਕਾਲੀ ਦਲ ਲੜਦਾ ਸੀ। ਹੁਣ ਉੱਥੇ ਸਾਡੀ ਸਥਿਤੀ ਬਹੁਤ ਮਜ਼ਬੂਤ ਹੋ ਗਈ ਹੈ।

ਹਰਦੀਪ ਪੁਰੀ ਨੇ ਕਿਹਾ ਕਿ ਅੱਜ ਵੋਟਰ ਵੋਟ ਕਿਉਂ ਪਾਉਂਦਾ ਹੈ ਅਤੇ ਵੋਟਰ ਸਪੱਸ਼ਟ ਚੋਣ ਕਿਉਂ ਕਰਦਾ ਹੈ? ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਦਾ ਵੋਟਰ ਕਾਂਗਰਸ ਅਤੇ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਦੇ ਖਿਲਾਫ ਸੀ, ਕਿਉਂਕਿ ਅਸੀਂ ਗਠਜੋੜ ਵਿੱਚ ਸੀ ਅਤੇ ਇੱਥੋਂ ਦਾ ਵੋਟਰ ਵੀ ਸਾਡੇ ਨਾਲ ਨਾਰਾਜ਼ ਸੀ।

ਇੱਥੋਂ ਦੇ ਵੋਟਰਾਂ ਨੂੰ ਇੱਕ ਨਵੀਂ ਉਮੀਦ ਦੀ ਲੋੜ ਸੀ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਦੀ ਨਵੀਂ ਉਮੀਦ ਬਣ ਕੇ ਆਈ। ਸੱਤਾ ਹਾਸਲ ਕਰਨ ਲਈ ਉਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਕਿ ਅਸੀਂ ਪੰਜਾਬ ‘ਚੋਂ ਨਸ਼ਾ ਖਤਮ ਕਰਾਂਗੇ, ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤ ਕਰਾਂਗੇ, ਪੰਜਾਬ ਦੇ ਹਰ ਪਰਿਵਾਰ ‘ਚ 18 ਸਾਲ ਤੋਂ ਵੱਧ ਉਮਰ ਦੀ ਜੇਕਰ ਕੋਈ ਔਰਤ ਹੈ ਤਾਂ ਅਸੀਂ ਉਸ ਨੂੰ 1000 ਰੁਪਏ ਹਰ ਮਹੀਨੇ ਦੇਵਾਂਗੇ ਆਦਿ ਸਮੇਤ ਹੋਰ ਕਈ ਝੂਠੇ ਵਾਅਦਿਆਂ ਨਾਲ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਈ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਕੁਝ ਹਵਾ ਹੋ ਗਿਆ।

ਹਰਦੀਪ ਪੁਰੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 13 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਅੱਜ ਪੰਜਾਬ ਦੇ ਲੋਕ ਉਨ੍ਹਾਂ ਨੂੰ ਸਮਝ ਚੁੱਕੇ ਹਨ। ਪੁਰੀ ਨੇ ਕਿਹਾ ਕਿ ਅੱਜ ਇਹ ਪਾਰਟੀ ਪਿਛਲੇ ਕੁਝ ਸਾਲਾਂ ਤੋਂ ਦਿੱਲੀ ਵਿੱਚ ਸਰਕਾਰ ਚਲਾ ਰਹੀ ਹੈ। ਅਸੀਂ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਅੱਜ ਉਨ੍ਹਾਂ ਦੀ ਸਰਕਾਰ ਦੇ 13 ਮਹੀਨਿਆਂ ਦੌਰਾਨ ਪੰਜਾਬ ਦੇ ਲੋਕ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ।

ਉਹ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹਨ। ਪੁਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਜੋ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੇ ਹਨ, ਇਹ ਸਭ ਝੂਠ ਅਤੇ ਫਰਾਡ ਹੈ। ਹਰਦੀਪ ਪੁਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਜਲੰਧਰ ਦੀਆਂ 3 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਦੀ ਸੀ ਪਰ ਅੱਜ ਇਸ ਲੋਕ ਸਭਾ ਜ਼ਿਮਨੀ ਚੋਣ ‘ਚ ਅਸੀਂ ਸਾਰੀਆਂ 9 ਸੀਟਾਂ ‘ਤੇ ਚੋਣ ਲੜਾਂਗੇ ਅਤੇ ਸਾਡੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਜਨਤਾ ਵੱਲੋਂ ਦਿੱਤੇ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਅਸੀਂ ਨੰਬਰ ਦੋ ਜਾਂ ਨੰਬਰ ਤਿੰਨ ਲਈ ਨਹੀਂ ਲੜ ਰਹੇ, ਇਹ ਲੜਾਈ ਸਾਡੀ ਜਿੱਤ ਲਈ ਹੈ।