ਦੇਸ਼, 15 ਜੁਲਾਈ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਭ ਤੋਂ ਬਜ਼ੁਰਗ ਅਤੇ ਪ੍ਰਸਿੱਧ ਸਿੱਖ ਦੌੜਾਕ ਫੌਜਾ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆ ਭਰ ‘ਚ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਨਾਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਫੌਜਾ ਸਿੰਘ ਇੱਕ ਅਸਾਧਾਰਨ ਵਿਅਕਤੀ ਸਨ। ਉਨ੍ਹਾਂ ਨੇ ਆਪਣੀ ਵਿਲੱਖਣ ਸਖ਼ਸ਼ੀਅਤ ਅਤੇ ਤੰਦਰੁਸਤੀ ਵਰਗੇ ਮਹੱਤਵਪੂਰਨ ਵਿਸ਼ੇ ਨਾਲ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਉਹ ਇੱਕ ਸ਼ਾਨਦਾਰ ਐਥਲੀਟ ਸਨ ਜਿਨ੍ਹਾਂ ਕੋਲ ਸ਼ਾਨਦਾਰ ਦ੍ਰਿੜ ਇਰਾਦਾ ਸੀ। ਉਨ੍ਹਾਂ ਦਾ ਦੇਹਾਂਤ ਬਹੁਤ ਦੁਖਦਾਈ ਹੈ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆ ਭਰ ‘ਚ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਨਾਲ ਹਨ।”
114 ਸਾਲਾ ਫੌਜਾ ਸਿੰਘ ਸੋਮਵਾਰ ਸਵੇਰੇ ਸੈਰ ਲਈ ਬਾਹਰ ਗਏ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਭੱਜ ਗਿਆ। ਗੰਭੀਰ ਜ਼ਖਮੀ ਫੌਜਾ ਸਿੰਘ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਨੇ ਸੀਸੀਟੀਵੀ ਦੀ ਕੀਤੀ ਜਾਂਚ
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜਲੰਧਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ। ਫਰਾਰ ਡਰਾਈਵਰ ਦੀ ਭਾਲ ਲਈ ਸੀਸੀਟੀਵੀ ਫੁਟੇਜ ਵੀ ਸਕੈਨ ਕੀਤੀ ਗਈ।
ਫੌਜਾ ਸਿੰਘ ਦਾ ਜਨਮ
ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ ਪੰਜਾਬ ਦੇ ਜਲੰਧਰ ਦੇ ਬਿਆਸ ਪਿੰਡ ‘ਚ ਹੋਇਆ ਸੀ। ਚਾਰ ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟਾ, ਫੌਜਾ ਬਚਪਨ ਵਿੱਚ ਸਰੀਰਕ ਤੌਰ ‘ਤੇ ਕਮਜ਼ੋਰ ਸੀ ਅਤੇ ਪੰਜ ਸਾਲ ਦੀ ਉਮਰ ਤੱਕ ਤੁਰ ਨਹੀਂ ਸਕਦਾ ਸੀ, ਪਰ ਅਸਾਧਾਰਨ ਇੱਛਾ ਸ਼ਕਤੀ ਨਾਲ ਉਨ੍ਹਾਂ ਨੇ ਇਸ ਕਮਜ਼ੋਰੀ ਨੂੰ ਆਪਣੀ ਤਾਕਤ ‘ਚ ਬਦਲ ਦਿੱਤਾ। ਬਚਪਨ ਤੋਂ ਹੀ ਦੌੜਨ ਦਾ ਸ਼ੌਕੀਨ ਫੌਜਾ 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ।
100 ਸਾਲਾ ਮੈਰਾਥਨ ਦੌੜਾਕ
100 ਸਾਲ ਦੀ ਉਮਰ ‘ਚ ਫੌਜਾ ਸਿੰਘ ਸਾਲ 2011 ‘ਚ ਟੋਰਾਂਟੋ ਮੈਰਾਥਨ 8 ਘੰਟੇ, 11 ਮਿੰਟ ਅਤੇ 6 ਸਕਿੰਟਾਂ ‘ਚ ਪੂਰੀ ਕਰਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਸੀ। ਉਹ ਦੁਨੀਆ ਦਾ ਪਹਿਲਾ 100 ਸਾਲਾ ਮੈਰਾਥਨ ਦੌੜਾਕ ਬਣਿਆ, ਜਿਸਨੇ ਫੌਜਾ ਸਿੰਘ ਦੁਨੀਆ ਭਰ ‘ਚ ਮਾਨਤਾ ਦਿੱਤੀ।
Read More: ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਫੌਜਾ ਸਿੰਘ ਦੀ ਸੜਕ ਹਾਦਸੇ ‘ਚ ਹੋਈ ਮੌ.ਤ