ਚੰਡੀਗੜ੍ਹ, 30 ਜੂਨ 2023: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾਵਾਂ ਨੇ ਯੂਕਰੇਨ ‘ਚ ਚੱਲ ਰਹੀ ਜੰਗ ਅਤੇ ਇਸ ਨਾਲ ਪੈਦਾ ਹੋਏ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਕ੍ਰੇਮਲਿਨ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤੀ ਪ੍ਰਧਾਨ ਮੰਤਰੀ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਯੂਕਰੇਨ ਦੇ ਆਲੇ-ਦੁਆਲੇ ਦੀ ਸਥਿਤੀ ਅਤੇ ਵੈਗਨਰ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਦੋਵਾਂ ਨੇ ਇਨ੍ਹਾਂ ਨੂੰ ਹੱਲ ਕਰਨ ਬਾਰੇ ਗੱਲ ਕੀਤੀ।
ਪੁਤਿਨ (Vladimir Putin) ਦਾ ਪੀਐਮ ਮੋਦੀ ਨੂੰ ਫੋਨ ਅਜਿਹੇ ਸਮੇਂ ਆਇਆ ਹੈ ਜਦੋਂ ਪੀਐਮ ਹਾਲ ਹੀ ਵਿੱਚ ਅਮਰੀਕਾ ਦੇ ਇਤਿਹਾਸਕ ਦੌਰੇ ਤੋਂ ਵਾਪਸ ਆਏ ਹਨ। ਰੂਸ ਅਤੇ ਅਮਰੀਕਾ ਵਿਚਾਲੇ ਖਿੱਚੋਤਾਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਪੁਤਿਨ ਦੇ ਫੋਨ ਕਾਲ ਨੇ ਇਨ੍ਹਾਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਨੇ ਵੀਰਵਾਰ ਨੂੰ ਇਕ ਪ੍ਰੋਗਰਾਮ ‘ਚ ਭਾਰਤ-ਰੂਸ ਸਬੰਧਾਂ ‘ਤੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੀਐਮ ਮੋਦੀ ਦੀ ਵੀ ਖੂਬ ਤਾਰੀਫ਼ ਕੀਤੀ।