ਚੰਡੀਗੜ੍ਹ, 18 ਮਾਰਚ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਨੇ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤ-ਬੰਗਲਾਦੇਸ਼ ਦੋਸਤੀ ਪਾਈਪਲਾਈਨ (India-Bangladesh Friendship Pipeline) ਦਾ ਉਦਘਾਟਨ ਕੀਤਾ ਹੈ ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ-ਬੰਗਲਾਦੇਸ਼ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਅਸੀਂ ਸਤੰਬਰ 2018 ਵਿੱਚ ਭਾਰਤ-ਬੰਗਲਾਦੇਸ਼ ਦੋਸਤੀ ਪਾਈਪਲਾਈਨ ਦਾ ਨੀਂਹ ਪੱਥਰ ਰੱਖਿਆ ਸੀ। ਮੈਨੂੰ ਖੁਸ਼ੀ ਹੈ ਕਿ ਅੱਜ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਇਸ ਦਾ ਉਦਘਾਟਨ ਕਰਨ ਦਾ ਮੌਕਾ ਆਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਕੋਵਿਡ ਮਹਾਮਾਰੀ ਦੇ ਬਾਵਜੂਦ ਇਸ ਪ੍ਰੋਜੈਕਟ ਦਾ ਕੰਮ ਜਾਰੀ ਰਿਹਾ ਹੈ । ਇਹ ਪਾਈਪਲਾਈਨ ਉੱਤਰੀ ਬੰਗਲਾਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ 10 ਲੱਖ ਮੀਟ੍ਰਿਕ ਟਨ ਹਾਈ ਸਪੀਡ ਡੀਜ਼ਲ ਦੀ ਸਪਲਾਈ ਕਰਨ ਦੇ ਯੋਗ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਯੋਗ ਅਗਵਾਈ ਹੇਠ ਪਿਛਲੇ ਕੁਝ ਸਾਲਾਂ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਹੈ। ਹਰ ਭਾਰਤੀ ਨੂੰ ਇਸ ‘ਤੇ ਮਾਣ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਬੰਗਲਾਦੇਸ਼ ਦੀ ਇਸ ਵਿਕਾਸ ਯਾਤਰਾ ਵਿਚ ਯੋਗਦਾਨ ਪਾਉਣ ਦੇ ਯੋਗ ਹੋਏ ਹਾਂ। ਮੈਨੂੰ ਯਕੀਨ ਹੈ ਕਿ ਇਹ ਪਾਈਪਲਾਈਨ ਬੰਗਲਾਦੇਸ਼ ਦੇ ਵਿਕਾਸ ਵਿੱਚ ਹੋਰ ਤੇਜ਼ੀ ਲਿਆਵੇਗੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਸੰਪਰਕ ਵਧਾਉਣ ਦਾ ਇੱਕ ਉੱਤਮ ਉਦਾਹਰਣ ਵੀ ਹੋਵੇਗੀ।