ਚੰਡੀਗੜ੍ਹ, 10 ਸਤੰਬਰ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਐਲਾਨੀ 1600 ਕਰੋੜ ਰੁਪਏ ਦੀ ਰਾਹਤ ਗ੍ਰਾਂਟ ਬਾਰੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮਸ਼੍ਰੀ ਪਰਗਟ ਸਿੰਘ ਨੇ ਬਿਆਨ ਦਿੱਤਾ ਹੈ | ਪਰਗਟ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ‘ਚੂਹਾ ਲੱਭਣ ਲਈ ਪਹਾੜ ਪੁੱਟਿਆ’ ਦੀ ਕਹਾਵਤ ਨੂੰ ਸੱਚ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਲਪੇਟ ‘ਚ ਆਇਆ ਪੰਜਾਬ ਮੱਦਦ ਮੰਗ ਰਿਹਾ ਹੈ | ਪ੍ਰਧਾਨ ਮੰਤਰੀ ਨੇ ਫਿਰ ਧੋਖਾ ਦਿੱਤਾ ਹੈ |
ਪਰਗਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਕਰੀਬ 20 ਤੋਂ 25 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੀ ਮੰਗ ਸੀ, ਪਰ ਪ੍ਰਧਾਨ ਮੰਤਰੀ ਨੇ ਸਮੁੰਦਰ ‘ਚ ਇੱਕ ਬੂੰਦ ਵਾਂਗ ਗ੍ਰਾਂਟ ਜਾਰੀ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਨੂੰ ਰਾਹਤ ਨਹੀਂ ਸਗੋਂ ਮਜ਼ਾਕ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ 1600 ਕਰੋੜ ਦੀ ਗ੍ਰਾਂਟ ਨਾਲ ਪੰਜਾਬੀਆਂ ਦੇ ਜ਼ਖ਼ਮ ਕਿਵੇਂ ਭਰ ਜਾਣਗੇ ?
ਪਰਗਟ ਸਿੰਘ ਦਾ ਕਹਿਣਾ ਹੈ ਕਿ 37 ਸਾਲ ਬਾਅਦ ਆਏ ਹੜ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ
ਪੰਜਾਬ ਦਾ ਜ਼ਿਆਦਾਤਰ ਹਿੱਸਾ ਪਾਣੀ ‘ਚ ਡੁੱਬ ਚੁੱਕਾ ਹੈ। ਪੂਰੀ ਦੁਨੀਆ ਪੰਜਾਬ ਦੀ ਤਬਾਹੀ ਦੇਖ ਰਹੀ ਹੈ, ਪਰ ਸਾਡੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਪੰਜਾਬ ਦੀ ਤਬਾਹੀ ਨਹੀਂ ਦੇਖ ਪਾ ਰਹੇ ਹਨ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦਾ ਦੌਰਾ ਕਰਨ ਆਏ ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਸਨ।
ਉਨ੍ਹਾਂ ਕਿਹਾ ਕਿ ਜਦੋਂ ਵੀ ਭਾਜਪਾ ਸ਼ਾਸਿਤ ਸੂਬਿਆਂ ‘ਚ ਹੜ੍ਹ ਜਾਂ ਕੋਈ ਕੁਦਰਤੀ ਆਫ਼ਤ ਆਈ, ਤਾਂ ਕੇਂਦਰ ਸਰਕਾਰ ਨੇ ਤੁਰੰਤ ਅੰਤਰਿਮ ਰਾਹਤ ਪੈਕੇਜ ਜਾਰੀ ਕਰਕੇ ਉਨ੍ਹਾਂ ਦੀ ਮੱਦਦ ਕੀਤੀ। ਦੂਜੇ ਪਾਸੇ ਸੰਕਟ ‘ਚ ਘਿਰੇ ਪੰਜਾਬ ਲਈ ਕੇਂਦਰ ਨੇ ਆਪਣਾ ਸਮਰਥਨ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਹੜ੍ਹ ‘ਚ ਮ੍ਰਿਤਕਾਂ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50 ਹਜ਼ਾਰ ਰੁਪਏ ਦਾ ਮੁਆਵਜ਼ਾ ਵੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮ੍ਰਿਤਕਾਂ ਲਈ 10-10 ਲੱਖ ਰੁਪਏ ਮੁਆਵਜ਼ਾ ਦੇਵੇ |
Read More: ਕਿਸਾਨਾਂ ਦੇ ਘਰ, ਖੇਤ ਤੇ ਜ਼ਿੰਦਗੀਆਂ ਪਾਣੀ ‘ਚ ਹਨ, ਸੰਕਟ ਅਜੇ ਵੀ ਟਲਿਆ ਨਹੀਂ: ਸੰਤ ਬਲਬੀਰ ਸਿੰਘ ਸੀਚੇਵਾਲ