ਫਲਸਤੀਨ

PM ਐਂਥਨੀ ਅਲਬਾਨੀਜ਼ ਦਾ ਬਿਆਨ, ਆਸਟ੍ਰੇਲੀਆ ਵੀ ਫਲਸਤੀਨ ਨੂੰ ਦੇਵੇਗਾ ਮਾਨਤਾ

ਆਸਟ੍ਰੇਲੀਆ, 11 ਅਗਸਤ 2025: Palestine news: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵੀ ਫਲਸਤੀਨ ਨੂੰ ਮਾਨਤਾ ਦੇਵੇਗਾ। ਅਲਬਾਨੀਜ਼ ਨੇ ਸੋਮਵਾਰ ਨੂੰ ਅਜਿਹੇ ਸੰਕੇਤ ਦਿੱਤੇ ਕਿ ਉਹ ਫਰਾਂਸ, ਬ੍ਰਿਟੇਨ ਅਤੇ ਕੈਨੇਡਾ ਦੇ ਨਾਲ ਫਲਸਤੀਨ ਨੂੰ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਦੇ ਸਕਦਾ ਹੈ।

ਦਰਅਸਲ, ਗਾਜ਼ਾ ‘ਚ ਚੱਲ ਰਹੀ ਭੁੱਖਮਰੀ ਅਤੇ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਦੇ ਵਿਰੁੱਧ ਦੁਨੀਆ ਭਰ ‘ਚ ਆਵਾਜ਼ਾਂ ਉੱਠ ਰਹੀਆਂ ਹਨ। ਗਾਜ਼ਾ ‘ਚ ਚੱਲ ਰਹੇ ਮਨੁੱਖੀ ਸੰਕਟ ਦੇ ਵਿਰੁੱਧ ਆਸਟ੍ਰੇਲੀਆ ‘ਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਇਸ ਦੇ ਨਾਲ ਹੀ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਸਟ੍ਰੇਲੀਆ ਅਤੇ ਹੋਰ ਯੂਰਪੀ ਦੇਸ਼ਾਂ ਦੁਆਰਾ ਫਲਸਤੀਨ ਨੂੰ ਮਾਨਤਾ ਦੇਣ ਦੇ ਐਲਾਨ ਦੀ ਸਖ਼ਤ ਨਿੰਦਾ ਕੀਤੀ। ਇਹ ਜਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ‘ਚੋਂ, 150 ਦੇਸ਼ਾਂ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੈ। ਹਾਲਾਂਕਿ, ਇਹ ਮਾਨਤਾ ਸਿਰਫ਼ ਪ੍ਰਤੀਕਾਤਮਕ ਹੈ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਮੰਤਰੀ ਮੰਡਲ ਦੇ ਕਈ ਮੈਂਬਰਾਂ ਨੇ ਵੀ ਫਲਸਤੀਨ ਨੂੰ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ। ਆਸਟ੍ਰੇਲੀਆਈ ਸਰਕਾਰ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਗਾਜ਼ਾ ‘ਤੇ ਕਬਜ਼ਾ ਕਰਨ ਦੀ ਹਾਲੀਆ ਯੋਜਨਾ ਦੀ ਵੀ ਸਖ਼ਤ ਆਲੋਚਨਾ ਕੀਤੀ ਹੈ। ਅਲਬਾਨੀਜ਼ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਕੈਬਨਿਟ ਦੀ ਮੀਟਿੰਗ ਸੋਮਵਾਰ ਨੂੰ ਹੈ। ਇਸ ਮੀਟਿੰਗ ‘ਚ ਫਲਸਤੀਨ ਨੂੰ ਇੱਕ ਵੱਖਰੇ ਦੇਸ਼ ਦਾ ਦਰਜਾ ਦੇਣ ਬਾਰੇ ਫੈਸਲਾ ਲਿਆ ਜਾਵੇਗਾ। ਇਸਦਾ ਰਸਮੀ ਐਲਾਨ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੌਰਾਨ ਕੀਤਾ ਜਾਵੇਗਾ।

ਅਲਬਾਨੀਜ਼ ਨੇ ਕਿਹਾ ਕਿ ਫਲਸਤੀਨ ਨੇ ਆਸਟ੍ਰੇਲੀਆ ਨੂੰ ਕੁਝ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਕਿਹਾ ਹੈ, ਜਿਸ ਦੇ ਤਹਿਤ ਹਮਾਸ ਦੀ ਫਲਸਤੀਨ ‘ਚ ਕੋਈ ਭੂਮਿਕਾ ਨਹੀਂ ਹੋਵੇਗੀ ਅਤੇ ਗਾਜ਼ਾ ਨੂੰ ਫੌਜ ਤੋਂ ਮੁਕਤ ਕਰ ਦਿੱਤਾ ਜਾਵੇਗਾ ਅਤੇ ਉੱਥੇ ਚੋਣਾਂ ਵੀ ਕਰਵਾਈਆਂ ਜਾਣਗੀਆਂ। ਅਲਬਾਨੀਜ਼ ਨੇ ਕਿਹਾ ਕਿ ਪੱਛਮੀ ਏਸ਼ੀਆ ‘ਚ ਹਿੰਸਾ ਦੇ ਚੱਕਰ ਨੂੰ ਰੋਕਣ ਲਈ ਸਿਰਫ ਦੋ-ਰਾਸ਼ਟਰੀ ਹੱਲ ਦੀ ਉਮੀਦ ਹੈ।

ਇਸ ਨਾਲ ਟਕਰਾਅ ਖਤਮ ਹੋ ਜਾਵੇਗਾ ਅਤੇ ਗਾਜ਼ਾ ‘ਚ ਲੋਕਾਂ ਦੀ ਭੁੱਖਮਰੀ ਅਤੇ ਦੁੱਖ ਖਤਮ ਹੋ ਜਾਣਗੇ। ਅਲਬਾਨੀਜ਼ ਨੇ ਇਜ਼ਰਾਈਲੀ ਸਰਕਾਰ ਦੀ ਆਲੋਚਨਾ ਕੀਤੀ ਅਤੇ ਦੋਸ਼ ਲਗਾਇਆ ਕਿ ਇਜ਼ਰਾਈਲੀ ਸਰਕਾਰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਲੋਕਾਂ ਨੂੰ ਭੋਜਨ ਅਤੇ ਪਾਣੀ ਪ੍ਰਾਪਤ ਕਰਨ ਤੋਂ ਵੀ ਰੋਕ ਰਹੀ ਹੈ।

Read More: PM ਮੋਦੀ ਨੇ ਵਲਾਦੀਮੀਰ ਪੁਤਿਨ ਨਾਲ ਕੀਤੀ ਗੱਲਬਾਤ, ਭਾਰਤ ਆਉਣ ਦਾ ਦਿੱਤਾ ਸੱਦਾ

Scroll to Top