IND ਬਨਾਮ AUS

ਭਾਰਤ ਖ਼ਿਲਾਫ ਖੇਡਣਾ ਹਮੇਸ਼ਾ ਵੱਡੀ ਚੁਣੌਤੀ ਤੇ ਦਿਲਚਸਪ ਅਨੁਭਵ ਹੁੰਦਾ ਹੈ: ਪੈਟ ਕਮਿੰਸ

ਸਪੋਰਟਸ, 15 ਅਕਤੂਬਰ 2025: IND ਬਨਾਮ AUS: ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਭਾਰਤ ਖ਼ਿਲਾਫ ਆਉਣ ਵਾਲੀ ਵਨਡੇ ਸੀਰੀਜ਼ ਨੂੰ ਖਾਸ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸੀਰੀਜ਼ ਆਸਟ੍ਰੇਲੀਆਈ ਪ੍ਰਸ਼ੰਸਕਾਂ ਲਈ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਭਾਰਤੀ ਦਿੱਗਜਾਂ ਨੂੰ ਮੈਦਾਨ ‘ਤੇ ਇਕੱਠੇ ਦੇਖਣ ਦਾ ਆਖਰੀ ਮੌਕਾ ਹੋ ਸਕਦਾ ਹੈ।

ਕਮਿੰਸ ਨੇ ਜੀਓ ਹੌਟਸਟਾਰ ਨਾਲ ਇੱਕ ਇੰਟਰਵਿਊ ‘ਚ ਕਿਹਾ, “ਵਿਰਾਟ ਅਤੇ ਰੋਹਿਤ ਪਿਛਲੇ 15 ਸਾਲਾਂ ਤੋਂ ਲਗਭੱਗ ਹਰ ਭਾਰਤੀ ਟੀਮ ਦਾ ਅਨਿੱਖੜਵਾਂ ਅੰਗ ਰਹੇ ਹਨ। ਇਸ ਲਈ, ਇਹ ਸੀਰੀਜ਼ ਆਸਟ੍ਰੇਲੀਆਈ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੈ। ਇਹ ਸ਼ਾਇਦ ਆਖਰੀ ਵਾਰ ਹੋਵੇਗਾ ਜਦੋਂ ਉਹ ਇਨ੍ਹਾਂ ਦੋਵਾਂ ਦਿੱਗਜਾਂ ਨੂੰ ਆਸਟ੍ਰੇਲੀਆਈ ਧਰਤੀ ‘ਤੇ ਖੇਡਦੇ ਦੇਖਣਗੇ।” ਉਨ੍ਹਾਂ ਕਿਹਾ, “ਦੋਵਾਂ ਨੇ ਭਾਰਤੀ ਕ੍ਰਿਕਟ ‘ਚ ਅਨਮੋਲ ਯੋਗਦਾਨ ਪਾਇਆ ਹੈ ਅਤੇ ਜਦੋਂ ਵੀ ਉਹ ਮੈਦਾਨ ‘ਤੇ ਉਤਰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਮਰਥਨ ਮਿਲਦਾ ਹੈ। ਉਨ੍ਹਾਂ ਵਿਰੁੱਧ ਖੇਡਣਾ ਹਮੇਸ਼ਾ ਇੱਕ ਵੱਡੀ ਚੁਣੌਤੀ ਅਤੇ ਇੱਕ ਦਿਲਚਸਪ ਅਨੁਭਵ ਹੁੰਦਾ ਹੈ।”

32 ਸਾਲਾ ਪੈਟ ਕਮਿੰਸ, ਜੋ ਪਿੱਠ ਦੀ ਸੱਟ ਤੋਂ ਠੀਕ ਹੋ ਰਿਹਾ ਹੈ, ਨੇ ਵੀ ਪੁਸ਼ਟੀ ਕੀਤੀ ਕਿ ਉਹ ਪਰਥ ‘ਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਖੁੰਝ ਜਾਵੇਗਾ। ਟੀਮ ਫਿਰ ਐਡੀਲੇਡ ਅਤੇ ਸਿਡਨੀ ‘ਚ ਖੇਡੇਗੀ। ਕਮਿੰਸ ਨੇ ਕਿਹਾ, “ਭਾਰਤ ਖ਼ਿਲਾਫ ਇਸ ਸੀਮਤ ਓਵਰਾਂ ਦੀ ਸੀਰੀਜ਼ ‘ਚ ਹਿੱਸਾ ਨਾ ਲੈ ਸਕਣਾ ਮੇਰੇ ਲਈ ਬਹੁਤ ਨਿਰਾਸ਼ਾਜਨਕ ਹੈ।

ਉਨ੍ਹਾਂ ਕਿਹਾ ਕਿ ਉਹ ਫਿਰ ਮੈਡੀਕਲ ਟੀਮ ਦੀ ਸਲਾਹ ਦੇ ਆਧਾਰ ‘ਤੇ 29 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਆਪਣੀ ਚੋਣ ਦਾ ਫੈਸਲਾ ਕਰੇਗਾ।
ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫੈਸਲੇ ਬਾਰੇ, ਕਮਿੰਸ ਨੇ ਕਿਹਾ ਕਿ ਉਹ ਉਸਦੇ ਫੈਸਲੇ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੇ ਕਿਹਾ, “ਮੈਨੂੰ ਪਤਾ ਸੀ ਕਿ ਸਟਾਰਕ ਕਾਫ਼ੀ ਸਮੇਂ ਤੋਂ ਟੀ-20 ਤੋਂ ਸੰਨਿਆਸ ਲੈਣ ਬਾਰੇ ਵਿਚਾਰ ਕਰ ਰਿਹਾ ਸੀ।”

ਐਤਵਾਰ ਨੂੰ ਪਰਥ ‘ਚ ਸ਼ੁਰੂ ਹੋਣ ਵਾਲੀ ਭਾਰਤ-ਆਸਟ੍ਰੇਲੀਆ ਵਨਡੇ ਸਥਾਨਕ ਪ੍ਰਸ਼ੰਸਕਾਂ ‘ਚ ਬਹੁਤ ਉਤਸ਼ਾਹ ਪੈਦਾ ਕਰ ਰਹੀ ਹੈ। ਇਹ ਸੀਰੀਜ਼ ਨਾ ਸਿਰਫ਼ ਦੋ ਚੋਟੀ ਦੀਆਂ ਟੀਮਾਂ ਵਿਚਕਾਰ ਟਕਰਾਅ ਹੋਵੇਗੀ, ਸਗੋਂ ਕ੍ਰਿਕਟ ਪ੍ਰਸ਼ੰਸਕਾਂ ਲਈ ਕੋਹਲੀ ਅਤੇ ਰੋਹਿਤ ਦੀ ਮਹਾਨ ਜੋੜੀ ਨੂੰ ਇਕੱਠੇ ਦੇਖਣ ਦਾ ਇੱਕ ਦੁਰਲੱਭ ਮੌਕਾ ਵੀ ਹੋਵੇਗਾ।

Read More: IND ਬਨਾਮ WI: ਦਿੱਲੀ ਟੈਸਟ ‘ਚ ਵੈਸਟਇੰਡੀਜ਼ ਦੀ ਵਾਪਸੀ, ਸੈਂਕੜੇ ਦੇ ਕਰੀਬ ਸ਼ਾਈ ਹੋਪ

Scroll to Top