ਚੰਡੀਗੜ੍ਹ, 4 ਨਵੰਬਰ 2024: ਉੱਤਰ ਪ੍ਰਦੇਸ਼ ਦੇ ਆਗਰਾ (Agra) ‘ਚ ਭਾਰਤੀ ਹਵਾਈ ਫੌਜ (Indian Air Force plane) ਦਾ ਜਹਾਜ਼ ਹਾਦਸਾਗ੍ਰਸਤ (Plane Crash) ਹੋ ਗਿਆ ਹੈ | ਭਾਰਤੀ ਹਵਾਈ ਫੌਜ ਦਾ ਮਿਗ-29 ਅੱਜ ਆਗਰਾ ‘ਚ ਟੀਨ ਟਰੇਨਿੰਗ ਫਲਾਈਟ ਦੌਰਾਨ ਤਕਨੀਕੀ ਨੁਕਸ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ | ਇਸ ਦੌਰਾਨ ਪਾਇਲਟ ਅਤੇ ਕੋ-ਪਾਇਲਟ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਵਾਈ ਫੌਜ ਵੱਲੋਂ ਜਾਰੀ ਬਿਆਨ ਕਰਕੇ ਕਿਹਾ ਕਿ ਹਾਦਸੇ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਪਾਇਲਟ ਅਤੇ ਉਸ ਦੇ ਸਾਥੀ ਦੋ ਕਿਲੋਮੀਟਰ ਦੂਰ ਮਿਲੇ । ਇਸ ਦੌਰਾਨ ਪਾਇਲਟ ਨੇ ਸਿਆਣਪ ਦਿਖਾਉਂਦੇ ਹੋਏ ਜਹਾਜ਼ ਨੂੰ ਕਾਗਾਰੌਲ ਦੇ ਪਿੰਡ ਸੋਨੀਗਾ ਨੇੜੇ ਖਾਲੀ ਖੇਤਾਂ ‘ਚ ਉਤਾਰ ਦਿੱਤਾ । ਜੇਕਰ ਜਹਾਜ਼ ਆਬਾਦੀ ਵਾਲੇ ਇਲਾਕੇ ‘ਚ ਕ੍ਰੈਸ਼ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਸ਼ੁਰੂਆਤੀ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਇਹ ਭਾਰਤੀ ਹਵਾਈ ਫੌਜ ਦਾ ਮਿਗ-29 ਜਹਾਜ਼ ਸੀ, ਜਿਸ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ। ਇਸ ਸਮੇਂ ਮੌਕੇ ‘ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਲੱਗੀ ਹੋਈ ਹੈ। ਪੁਲਿਸ ਫੋਰਸ ਵੀ ਮੌਕੇ ‘ਤੇ ਪਹੁੰਚ ਗਈ ਹੈ।
ਜਹਾਜ਼ ਕਰੈਸ਼ (Plane Crash) ਹੋਣ ਤੋਂ ਬਾਅਦ ਜਹਾਜ਼ ਦੇ ਹਿੱਸੇ ਲਗਭਗ 1 ਕਿਲੋਮੀਟਰ ਦੇ ਘੇਰੇ ‘ਚ ਖੇਤਾਂ ‘ਚ ਫੈਲੇ ਹੋਏ ਦੇਖੇ ਗਏ। ਇਸ ਵਿੱਚ ਪਾਇਲਟ ਦਾ ਪੈਰਾਸ਼ੂਟ ਵੀ ਸੀ। ਪਿੰਡ ਦੇ ਲੋਕਾਂ ਨੇ ਇਨ੍ਹਾਂ ਹਿੱਸਿਆਂ ਨੂੰ ਸੁਰੱਖਿਅਤ ਕਰ ਲਿਆ ਹੈ। ਪੁਲਿਸ ਅਤੇ ਹਵਾਈ ਫੌਜ ਇਨ੍ਹਾਂ ਹਿੱਸਿਆਂ ਨੂੰ ਆਪਣੇ ਕਬਜ਼ੇ ‘ਚ ਲੈ ਰਹੀ ਹੈ। ਹੁਣ ਜਹਾਜ਼ ਹਾਦਸਾ ਕਿਵੇਂ ਹੋਇਆ? ਇਸ ਸਬੰਧੀ ਤਕਨੀਕੀ ਖਾਮੀਆਂ ਦੱਸੀਆਂ ਜਾ ਰਹੀਆਂ ਹਨ। ਹਾਲਾਂਕਿ, ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।