Pingali Venkaiah: ਭਾਰਤ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਉਂਦਾ ਹੈ। ਲਗਭਗ ਦੋ ਸਦੀਆਂ ਦੇ ਬਰਤਾਨੀਆ ਸ਼ਾਸਨ ਅਧੀਨ ਲੰਮੇ ਸੰਘਰਸ਼ ਤੋਂ ਬਾਅਦ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲੀ। ਅਣਗਿਣਤ ਆਜ਼ਾਦੀ ਘੁਲਾਟੀਆਂ ਨੇ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਦ ਜਾ ਕੇ ਦੇਸ਼ ਵਾਸੀਆਂ ਨੇ ਆਜ਼ਾਦੀ ਦੀ ਹਵਾ ‘ਚ ਸਾਹ ਲਿਆ | ਇਸ ਦਿਨ ਪੂਰਾ ਦੇਸ਼ ਤਿਰੰਗੇ ਝੰਡੇ ਹੇਠ ਇੱਕ ਜੁੱਟ ਹੋ ਕੇ ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦਾ ਹੈ |
ਕਿਸੇ ਵੀ ਦੇਸ਼ ਲਈ ਉਸਦੇ ਕੌਮੀ ਝੰਡੇ ਦਾ ਬਹੁਤ ਮਹੱਤਵ ਹੁੰਦਾ ਹੈ | ਝੰਡਾ ਕਿਸੇ ਦੇਸ਼ ਦੀ ਪਹਿਚਾਣ ਅਤੇ ਉਸਦਾ ਮਾਣ ਹੁੰਦਾ ਹੈ। ਕੀ ਤੁਸੀਂ ਜਾਂਦੇ ਹੋ ਭਾਰਤ ਦੇ ਕੌਮੀ ਤਿਰੰਗੇ ਝੰਡੇ ਦਾ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਸੀ ?
ਸਾਨੂੰ ਭਾਰਤ ਦੇ ਤਿਰੰਗੇ ਝੰਡੇ ਨੂੰ ਡਿਜ਼ਾਈਨ ਕਰਨ ਵਾਲੇ ਮਹਾਨ ਵਿਅਕਤੀ ਪਿੰਗਲੀ ਵੈਂਕਈਆ ਨੂੰ ਨਹੀਂ ਭੁੱਲਣਾ ਚਾਹੀਦਾ।
ਪਿੰਗਲੀ ਵੈਂਕਾਇਆ ਦਾ ਜਨਮ 2 ਅਗਸਤ, 1876 ਨੂੰ ਮਛਲੀਪਟਨਮ ਦੇ ਨੇੜੇ ਭਟਲਾਪੇਨੁਮਰੂ ਪਿੰਡ ‘ਚ ਹੋਇਆ ਸੀ, ਜੋ ਕਿ ਹੁਣ ਆਂਧਰਾ ਪ੍ਰਦੇਸ਼ ਸੂਬੇ ‘ਚ ਹੈ। ਇੱਕ ਤੇਲਗੂ ਬ੍ਰਾਹਮਣ ਪਰਿਵਾਰ ‘ਚ ਜਨਮੇ ਵੈਂਕਈਆ ਪੜ੍ਹਾਈ ਕਰਨ ਲਈ ਕੈਂਬਰਿਜ ਗਿਆ ਅਤੇ ਉਨ੍ਹਾਂ ਦੀ ਭੂ-ਵਿਗਿਆਨ, ਖੇਤੀਬਾੜੀ, ਸਿੱਖਿਆ ਅਤੇ ਭਾਸ਼ਾਵਾਂ ‘ਚ ਕਾਫ਼ੀ ਦਿਲਚਸਪੀ ਸੀ।
ਪਿੰਗਲੀ ਤੇਲਗੂ, ਹਿੰਦੀ, ਉਰਦੂ, ਬੰਗਾਲੀ, ਤਾਮਿਲ ਅਤੇ ਅੰਗਰੇਜ਼ੀ ਵਰਗੀਆਂ ਕਈ ਭਾਸ਼ਾਵਾਂ ਜਾਣਦਾ ਸੀ। ਉਨ੍ਹਾਂ ਨੇ ਹੱਥਾਂ ਨਾਲ ਕੱਪੜਾ ਬਣਾਉਣ ਬਾਰੇ ਵੀ ਸਿੱਖਿਆ ਅਤੇ ਉਹ ਚਾਹੁੰਦੇ ਸਨ ਕਿ ਲੋਕ ਆਪਣੇ ਕੱਪੜੇ ਖੁਦ ਬਣਾਉਣ ਤਾਂ ਜੋ ਉਹ ਵਧੇਰੇ ਸੁਤੰਤਰ ਹੋ ਸਕਣ। ਉਨ੍ਹਾਂ ਨੇ ਭਾਰਤ ਅਤੇ ਹੋਰ ਦੇਸ਼ਾਂ ਜਿਵੇਂ ਜਾਪਾਨ ਅਤੇ ਸੰਯੁਕਤ ਰਾਜ ‘ਚ ਕਈ ਥਾਵਾਂ ਦੀ ਯਾਤਰਾ ਕੀਤੀ।
ਵੈਂਕਈਆ ਨੇ ਮਦਰਾਸ ਪ੍ਰੈਜ਼ੀਡੈਂਸੀ ਕਾਲਜ ਤੋਂ ਭੂ-ਵਿਗਿਆਨ ‘ਚ ਡਿਪਲੋਮਾ ਕੀਤਾ। 1911 ਅਤੇ 1944 ਦੇ ਵਿਚਕਾਰ ਉਨ੍ਹਾਂ ਨੇ ਮਾਛੀਲੀਪਟਨਮ ‘ਚ ਆਂਧਰਾ ਨੈਸ਼ਨਲ ਕਾਲਜ ‘ਚ ਲੈਕਚਰਾਰ ਵਜੋਂ ਸੇਵਾ ਨਿਭਾਈ ਅਤੇ ਭੂ-ਵਿਗਿਆਨ ਦੀ ਕਿਤਾਬ ‘ਥੱਲੀ ਰਾਏ’ ਲਿਖੀ।
ਉਹ ‘ਡਾਇਮੰਡ ਵੈਂਕਈਆ’ ਅਤੇ ‘ਪੱਟੀ ਵੈਂਕਈਆ ‘ ਦੇ ਨਾਵਾਂ ਨਾਲ ਵੀ ਮਸ਼ਹੂਰ ਹਨ। ਉਨ੍ਹਾਂ ਨੇ 1913 ‘ਚ ਇੱਕ ਜਾਪਾਨੀ ਭਾਸ਼ਣ ਦਿੱਤਾ, ਜਿਸ ਨੇ ਉਸਨੂੰ ‘ਜਾਪਾਨ ਵੈਂਕਈਆ’ ਉਪਨਾਮ ਦਿੱਤਾ ਗਿਆ ।
ਪਿੰਗਲੀ ਵੈਂਕਾਇਆ (Pingali Venkaiah) ਬ੍ਰਿਟਿਸ਼ ਆਰਮੀ ‘ਚ ਵੀ ਰਹੇ ਸਨ | ਉਨ੍ਹਾਂ ਨੂੰ ਦੂਜਾ ਬੋਅਰ ਯੁੱਧ (1899-1902) ਦੌਰਾਨ ਦੱਖਣੀ ਅਫਰੀਕਾ ‘ਚ ਤਾਇਨਾਤ ਕੀਤਾ ਗਿਆ, ਜਿੱਥੇ ਉਹ ਪਹਿਲੀ ਵਾਰ ਮਹਾਤਮਾ ਗਾਂਧੀ ਨੂੰ ਮਿਲੇ । ਉਸ ਸਮੇਂ ਵੈਂਕਈਆ ਦੀ ਉਮਰ ਸਿਰਫ 19 ਸਾਲ ਸੀ। ਯੁੱਧ ਦੌਰਾਨ ਜਦੋਂ ਫੌਜੀਆਂ ਨੂੰ ਯੂਨੀਅਨ ਜੈਕ ਨੂੰ ਸਲਾਮੀ ਦੇਣ ਲਈ ਕਿਹਾ ਗਿਆ ਤਾਂ ਬ੍ਰਿਟੇਨ ਦੇ ਰਾਸ਼ਟਰੀ ਝੰਡੇ ਨੂੰ ਵੈਂਕਈਆ ਨੇ ਸਲਾਮੀ ਦਿੱਤੀ, ਪਰ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਦਾ ਆਪਣਾ ਝੰਡਾ ਹੋਣਾ ਚਾਹੀਦਾ ਹੈ।
ਭਾਰਤ ਪਰਤਣ ਤੋਂ ਬਾਅਦ ਵੈਂਕਈਆ ਨੇ ਸੰਭਾਵੀ ਡਿਜ਼ਾਈਨਾਂ ‘ਤੇ ਕੰਮ ਕੀਤਾ ਜੋ ਆਜ਼ਾਦੀ ਨੂੰ ਦਰਸਾਉਣ ਲਈ ਨਵੇਂ ਬਣੇ ਸਵਰਾਜ ਅੰਦੋਲਨ ਲਈ ਝੰਡੇ ਵਜੋਂ ਵਰਤਿਆ ਜਾ ਸਕਦਾ ਹੈ। ਸਾਲ 1916 ‘ਚ ਵੈਂਕਈਆ ਨੇ ਝੰਡੇ ਲਈ 30 ਸੰਭਾਵਿਤ ਡਿਜ਼ਾਈਨਾਂ ਵਾਲੀ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ। 1918 ਤੋਂ 1921 ਤੱਕ ਵੈਂਕਈਆ ਨੇ ਵੀ ਕਾਂਗਰਸ ਲੀਡਰਸ਼ਿਪ ਅੱਗੇ ਕਈ ਵਿਚਾਰ ਰੱਖੇ। ਉਸ ਸਮੇਂ ਉਹ ਮਛਲੀਪਟਨਮ ਦੇ ਆਂਧਰਾ ਨੈਸ਼ਨਲ ਕਾਲਜ ‘ਚ ਵੀ ਕੰਮ ਕਰ ਰਹੇ ਸਨ ।
ਕਿਹਾ ਜਾਂਦੇ ਕਿ ਇਹ 1921 ‘ਚ ਸੀ ਜਦੋਂ ਭਾਰਤੀ ਝੰਡੇ ਦਾ ਪਹਿਲਾ ਸੰਸਕਰਣ ਹੋਂਦ ‘ਚ ਆਇਆ ਸੀ। ਵੈਂਕਈਆ ਨੇ ਮਹਾਤਮਾ ਗਾਂਧੀ ਨੂੰ ਖਾਦੀ ਦੇ ਝੰਡੇ ਦਾ ਸ਼ੁਰੂਆਤੀ ਡਿਜ਼ਾਇਨ ਦਿਖਾਇਆ ਸੀ, ਜਿਸ ਨੂੰ ਦੇਖ ਕੇ ਮਹਾਤਮਾ ਗਾਂਧੀ ਖੁਸ਼ ਹੋਏ। ਇਸ ਝੰਡੇ ‘ਚ ਸਿਰਫ਼ ਲਾਲ ਅਤੇ ਹਰਾ ਰੰਗ ਸੀ । ਮਹਾਤਮਾ ਗਾਂਧੀ ਦੇ ਸੁਝਾਅ ‘ਤੇ ਬਾਅਦ ਇਸ ‘ਚ ਚਿੱਟਾ ਰੰਗ ਸ਼ਾਮਲ ਕੀਤਾ ਗਿਆ ਸੀ।
ਕਾਂਗਰਸ ਦੁਆਰਾ 1931 ‘ਚ ਕਰਾਚੀ ਦੀ ਆਲ ਇੰਡੀਆ ਕਾਨਫਰੰਸ ‘ਚ ਕੇਸਰੀ, ਚਿੱਟੇ ਅਤੇ ਹਰੇ ਤੋਂ ਬਣੇ ਤਿਰੰਗੇ ਝੰਡੇ ਨੂੰ ਭਾਰਤੀ ਝੰਡੇ ਵਜੋਂ ਸਵੀਕਾਰ ਕੀਤਾ ਗਿਆ ਸੀ। ਬਾਅਦ ‘ਚ ਅਸ਼ੋਕ ਚੱਕਰ ਨੇ ਇਸ ਝੰਡੇ ‘ਚ ਚਰਖੇ ਦੀ ਥਾਂ ਲੈ ਲਈ। ਕੌਮੀ ਝੰਡੇ ਦੀ ਦੇਣ ‘ਚ ਪਿੰਗਲੀ ਵੈਂਕਾਇਆ ਦਾ ਬਹੁਤ ਵੱਡਾ ਯੋਗਦਾਨ ਹੈ, ਇਸ ਮਹਾਨ ਵਿਕਤੀ ਨੇ 04 ਜੁਲਾਈ 1963 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ |
ਪਹਿਲੇ ਕੌਮੀ ਝੰਡੇ ਲਈ ਵੈਂਕਈਆ ਦੀ ਯਾਦ ‘ਚ 2009 ‘ਚ ਇੱਕ ਡਾਕ ਟਿਕਟ ਜਾਰੀ ਕੀਤਾ ਗਿਆ ਸੀ। 2014 ‘ਚ ਉਨ੍ਹਾਂ ਦਾ ਨਾਮ ਮਰਨ ਉਪਰੰਤ ਭਾਰਤ ਰਤਨ ਲਈ ਪ੍ਰਸਤਾਵਿਤ ਕੀਤਾ ਗਿਆ ਸੀ, ਹਾਲਾਂਕਿ ਇਸ ਪ੍ਰਸਤਾਵ ‘ਤੇ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ ।
—-ਜੋਨੀ—-