June 30, 2024 6:41 am
Shimla

ਸ਼ਿਮਲਾ ਦੇ ਸੁੰਨੀ ‘ਚ 80 ਮੀਟਰ ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ, 6 ਕਸ਼ਮੀਰੀ ਮਜ਼ਦੂਰਾਂ ਦੀ ਮੌਤ

ਚੰਡੀਗੜ੍ਹ, 4 ਦਸੰਬਰ 2023: ਹਿਮਾਚਲ ਦੇ ਸ਼ਿਮਲਾ (Shimla) ਦਿਹਾਤੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸੁੰਨੀ ਵਿੱਚ ਪਿਕਅੱਪ ਗੱਡੀ 80 ਮੀਟਰ ਡੂੰਘੀ ਖੱਡ ਜਾ ਡਿੱਗੀ | ਇਸ ਸੜਕ ਹਾਦਸੇ ਵਿੱਚ ਛੇ ਕਸ਼ਮੀਰੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ । ਜਦਕਿ 6 ਜਣੇ ਜ਼ਖਮੀ ਹੋਏ ਹਨ। ਸਾਰੇ ਜ਼ਖ਼ਮੀਆਂ ਦਾ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈਜੀਏਸੀ) ਵਿੱਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮੁੱਢਲੀ ਜਾਂਚ ਦੇ ਆਧਾਰ ‘ਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 7 ਵਜੇ ਕਿੰਗਲ-ਬਸੰਤਪੁਰ ਰੋਡ ‘ਤੇ ਸਥਿਤ ਗ੍ਰਾਮ ਪੰਚਾਇਤ ਡੁਮੈਹਰ (Shimla) ਇਲਾਕੇ ‘ਚ ਵਾਪਰਿਆ। ਪੁਲਿਸ ਅਨੁਸਾਰ 12 ਵਿਅਕਤੀ ਪਿਕਅੱਪ ਗੱਡੀ ਵਿੱਚ ਸਵਾਰ ਹੋ ਕੇ ਸੁੰਨੀ ਤੋਂ ਮੰਡੀ ਵੱਲ ਜਾ ਰਹੇ ਸਨ। ਰਸਤੇ ‘ਚ ਡਰਾਈਵਰ ਕੰਟਰੋਲ ਗੁਆ ਬੈਠਾ ਤਾਂ ਪਿਕਅਪ ਸੜਕ ਤੋਂ ਲਾਂਭੇ ਹੋ ਕੇ ਕਰੀਬ 80 ਮੀਟਰ ਡੂੰਘੇ ਨਾਲੇ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ਵੱਲ ਦੌੜੇ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਐਡੀਸ਼ਨਲ ਪੁਲਿਸ ਸੁਪਰਡੈਂਟ ਸੁਨੀਲ ਨੇਗੀ ਨੇ ਦੱਸਿਆ ਕਿ ਸੁਨੀ ਵਿੱਚ ਉਨ੍ਹਾਂ ਦੀ ਪਿਕਅੱਪ ਖੱਡ ਵਿੱਚ ਡਿੱਗਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਇੰਨੇ ਹੀ ਯਾਤਰੀ ਜ਼ਖ਼ਮੀ ਹੋ ਗਏ।