PhonePe

PhonePe ਵੱਲੋਂ ਡਿਵਾਈਸ ਟੋਕਨਾਈਜ਼ੇਸ਼ਨ ਲਾਂਚ, ਔਨਲਾਈਨ ਭੁਗਤਾਨ ਹੋਵੇਗਾ ਹੋਰ ਵੀ ਸੁਰੱਖਿਅਤ

ਚੰਡੀਗੜ੍ਹ, 18 ਫਰਵਰੀ 2025: ਡਿਜੀਟਲ ਭੁਗਤਾਨ ਖੇਤਰ ‘ਚ ਫਿਨਟੈਕ ਕੰਪਨੀ ਫੋਨ ਪੇ (PhonePe) ਨੇ ਆਪਣੇ ਉਪਭੋਗਤਾਵਾਂ ਲਈ ਇੱਕ ਡਿਵਾਈਸ ਟੋਕਨਾਈਜ਼ੇਸ਼ਨ ਸਲਿਊਸ਼ਨ (Device tokenization solution) ਲਾਂਚ ਕੀਤਾ ਹੈ। ਇਹ ਸਹੂਲਤ ਕ੍ਰੈਡਿਟ ਅਤੇ ਡੈਬਿਟ ਕਾਰਡ ਲੈਣ-ਦੇਣ ਨੂੰ ਹੋਰ ਵੀ ਸੁਰੱਖਿਅਤ ਅਤੇ ਸੁਵਿਧਾਜਨਕ ਬਣਾ ਦੇਵੇਗੀ। ਇਸ ਕਦਮ ਨਾਲ ਨਾ ਸਿਰਫ਼ ਔਨਲਾਈਨ ਧੋਖਾਧੜੀ ਘਟੇਗੀ ਸਗੋਂ ਵਪਾਰੀ ਪਲੇਟਫਾਰਮਾਂ ‘ਤੇ ਇੱਕ ਤੇਜ਼ ਅਤੇ ਮੁਸ਼ਕਿਲ ਰਹਿਤ ਚੈੱਕਆਉਟ ਅਨੁਭਵ ਵੀ ਮਿਲੇਗਾ।

ਡਿਵਾਈਸ ਟੋਕਨਾਈਜ਼ੇਸ਼ਨ ਕੀ ਹੈ?

ਡਿਵਾਈਸ ਟੋਕਨਾਈਜ਼ੇਸ਼ਨ ਇੱਕ ਸੁਰੱਖਿਆ ਤਕਨਾਲੋਜੀ ਹੈ ਜਿਸ ਰਾਹੀਂ ਗਾਹਕ ਆਪਣੇ ਕ੍ਰੈਡਿਟ ਅਤੇ ਡੈਬਿਟ ਕਾਰਡ ਵੇਰਵੇ ਸਾਂਝੇ ਕੀਤੇ ਬਿਨਾਂ ਭੁਗਤਾਨ ਕਰ ਸਕਦੇ ਹਨ। ਇਸ ਰਾਹੀਂ, ਕਾਰਡ ਦੇ ਅਸਲ ਵੇਰਵਿਆਂ ਨੂੰ ਇੱਕ ਵਿਲੱਖਣ ਟੋਕਨ ‘ਚ ਬਦਲ ਦਿੱਤਾ ਜਾਂਦਾ ਹੈ, ਜੋ ਕਿ ਸਿਰਫ਼ ਉਸ ਡਿਵਾਈਸ ‘ਤੇ ਵੈਧ ਹੋਵੇਗਾ ਜਿਸ ਤੋਂ ਇਸਨੂੰ ਤਿਆਰ ਕੀਤਾ ਗਿਆ ਹੈ। ਇਹ ਧੋਖਾਧੜੀ ਅਤੇ ਡਾਟਾ ਲੀਕ ਹੋਣ ਦਾ ਖ਼ਤਰਾ ਘਟਾਉਂਦਾ ਹੈ।

ਗਾਹਕਾਂ ਨੂੰ ਕਿਵੇਂ ਲਾਭ ਮਿਲੇਗਾ?

PhonePe ਦੀ ਇਹ ਨਵੀਂ ਵਿਸ਼ੇਸ਼ਤਾ ਖਪਤਕਾਰਾਂ ਅਤੇ ਵਪਾਰੀਆਂ ਨੂੰ ਬਹੁਤ ਸਾਰੇ ਫਾਇਦੇ ਦੇਵੇਗੀ |

ਹੁਣ ਗਾਹਕਾਂ ਨੂੰ ਹਰ ਵਾਰ ਆਪਣੇ ਕਾਰਡ ਵੇਰਵੇ ਦਰਜ ਕਰਨ ਦੀ ਲੋੜ ਨਹੀਂ ਹੈ। ਇਸ ਨਾਲ ਲੈਣ-ਦੇਣ ਤੇਜ਼ ਹੋਵੇਗਾ ਅਤੇ ਚੈੱਕਆਉਟ ਵੇਲੇ ਡਰਾਪ-ਆਫ ਘੱਟ ਹੋਣਗੇ।

ਕਾਰਡ ਦੇ ਵੇਰਵਿਆਂ ਨੂੰ ਸੁਰੱਖਿਅਤ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ, ਜਿਸ ਨਾਲ ਡੇਟਾ ਲੀਕ ਅਤੇ ਧੋਖਾਧੜੀ ਦਾ ਖ਼ਤਰਾ ਘੱਟ ਜਾਵੇਗਾ।

OTP ਅਤੇ CVV ਦਰਜ ਕਰਨ ਦੀ ਲੋੜ ਤੋਂ ਬਿਨਾਂ, ਭੁਗਤਾਨ ਸਫਲਤਾ ਦਰ ਵਧੇਗੀ, ਜਿਸ ਨਾਲ ਵਪਾਰੀਆਂ ਨੂੰ ਫਾਇਦਾ ਹੋਵੇਗਾ।

ਗਾਹਕ ਆਪਣੇ ਬਿੱਲ ਭੁਗਤਾਨ, ਮੋਬਾਈਲ ਰੀਚਾਰਜ, ਯਾਤਰਾ ਟਿਕਟ ਬੁਕਿੰਗ, ਬੀਮਾ ਖਰੀਦਦਾਰੀ ਅਤੇ ਹੋਰ ਔਨਲਾਈਨ ਲੈਣ-ਦੇਣ ਨੂੰ ਵਧੇਰੇ ਸੁਰੱਖਿਅਤ ਅਤੇ ਆਸਾਨ ਬਣਾ ਸਕਣਗੇ।

PhonePe ਦਾ ਪਲਾਨ ਕੀ ਹੈ?

ਫੋਨਪੇ ਦੇ ਸਹਿ-ਸੰਸਥਾਪਕ ਅਤੇ ਸੀਟੀਓ ਰਾਹੁਲ ਚਾਰੀ ਨੇ ਕਿਹਾ ਕਿ ਇਹ ਲਾਂਚ ਡਿਜੀਟਲ ਭੁਗਤਾਨ ਦੇ ਖੇਤਰ ‘ਚ ਸੁਰੱਖਿਆ ਅਤੇ ਸੌਖ ਵਧਾਉਣ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਕੰਪਨੀ ਇਸ ਸੇਵਾ ਨੂੰ ਵੱਧ ਤੋਂ ਵੱਧ ਕਾਰਡ ਭੁਗਤਾਨ ਨੈੱਟਵਰਕਾਂ ਨਾਲ ਵਧਾਉਣ ਦੀ ਯੋਜਨਾ ਬਣਾ ਰਹੀ ਹੈ।

“ਅਸੀਂ ਹਮੇਸ਼ਾ ਨਵੀਨਤਾਕਾਰੀ ਹੱਲਾਂ ‘ਤੇ ਧਿਆਨ ਕੇਂਦਰਿਤ ਕਰਦੇ ਹਾਂ ਜੋ ਖਪਤਕਾਰਾਂ ਦੇ ਵਿਸ਼ਵਾਸ ਅਤੇ ਸਹੂਲਤ ਨੂੰ ਵਧਾਉਂਦੇ ਹਨ। ਟੋਕਨਾਈਜ਼ੇਸ਼ਨ ਔਨਲਾਈਨ ਧੋਖਾਧੜੀ ਨੂੰ ਰੋਕੇਗਾ ਅਤੇ ਡਿਜੀਟਲ ਲੈਣ-ਦੇਣ ਨੂੰ ਸਰਲ ਬਣਾਏਗਾ।

ਫੋਨਪੇ ਨੇ ਪਹਿਲੇ ਪੜਾਅ ‘ਚ ਵੀਜ਼ਾ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਲਈ ਟੋਕਨਾਈਜ਼ੇਸ਼ਨ ਸਹੂਲਤ ਸ਼ੁਰੂ ਕੀਤੀ ਹੈ। ਆਉਣ ਵਾਲੇ ਸਮੇਂ ‘ਚ, ਮਾਸਟਰਕਾਰਡ, ਰੂਪੇ ਅਤੇ ਅਮਰੀਕਨ ਐਕਸਪ੍ਰੈਸ ਵਰਗੇ ਹੋਰ ਕਾਰਡ ਨੈੱਟਵਰਕ ਵੀ ਸ਼ਾਮਲ ਕੀਤੇ ਜਾਣਗੇ।

Read More: UPI Transactions: UPI ਰਾਹੀਂ ਹੁਣ ਤੁਸੀਂ ਕਰ ਸਕੋਗੇ 5 ਲੱਖ ਤੱਕ ਲੈਣ ਦੇਣ, ਲਾਗੂ ਹੋਈ ਸੀਮਾ

Scroll to Top