ਚੰਡੀਗੜ੍ਹ, 30 ਸਤੰਬਰ 2023: ਫਗਵਾੜਾ ਸ਼ੂਗਰ ਮਿੱਲ ਦੇ ਮਾਲਕ ਜਰਨੈਲ ਸਿੰਘ ਵਾਹਿਦ ਦੀ ਗ੍ਰਿਫਤਾਰੀ ‘ਤੇ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਕਾਰਵਾਈ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦਾ ਹਿੱਸਾ ਹੈ।
ਸ਼ਨੀਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇਕ ਬਿਆਨ ‘ਚ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ‘ਚ ਲੋਕ ਸਿਆਸੀ ਸਰਪ੍ਰਸਤੀ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਕਰਕੇ ਕਿਸਾਨਾਂ ਨਾਲ ਧੋਖਾ ਕਰਦੇ ਸਨ ਅਤੇ ਸਰਕਾਰੀ ਪੈਸੇ ਦੀ ਲੁੱਟ ਕਰਦੇ ਸਨ। ਹੁਣ ਸਰਕਾਰ ਉਨ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਕਾਰਵਾਈ ਕਰ ਰਹੀ ਹੈ।
ਮਾਲਵਿੰਦਰ ਕੰਗ ਨੇ ਕਿਹਾ ਕਿ ਸਰਕਾਰ ਗੰਨਾ ਕਿਸਾਨਾਂ ਦੀ ਅਦਾਇਗੀ ਲਈ ਆਪਣਾ ਸਾਰਾ ਹਿੱਸਾ ਪਹਿਲਾਂ ਹੀ ਦੇ ਚੁੱਕੀ ਹੈ। ਪਰ ਕਈ ਪ੍ਰਾਈਵੇਟ ਸ਼ੂਗਰ ਮਿੱਲ ਮਾਲਕਾਂ ਨੇ ਜਾਣਬੁੱਝ ਕੇ ਕਿਸਾਨਾਂ ਦੇ ਪੈਸੇ ਰੋਕ ਲਏ ਹਨ। ਸ਼ੂਗਰ ਮਿੱਲਾਂ ਵੱਲ ਗੰਨਾ ਕਾਸ਼ਤਕਾਰਾਂ ਦੇ ਕਰੋੜਾਂ ਰੁਪਏ ਬਕਾਇਆ ਹਨ, ਪਰ ਉਹ ਕਿਸਾਨਾਂ ਨੂੰ ਪੈਸੇ ਨਹੀਂ ਦੇ ਰਹੇ। ਜਿਸ ਕਾਰਨ ਅੱਜ ਫਗਵਾੜਾ ਸ਼ੂਗਰ ਮਿੱਲ ਦੇ ਮਾਲਕ ਖਿਲਾਫ ਕਾਰਵਾਈ ਕੀਤੀ ਗਈ ਹੈ।