ਚੰਡੀਗੜ੍ਹ, 04 ਨਵੰਬਰ 2024: ਫਗਵਾੜਾ (Phagwara) ‘ਚ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਕਸਟਮ ਵਿਭਾਗ ਦੇ ਸਹਾਇਕ ਕਮਿਸ਼ਨਰ ਰੈਂਕ ਦੇ ਅਧਿਕਾਰੀ ਦੀ ਜਾਨ ਚਲੀ ਗਈ | ਮ੍ਰਿਤਕ ਅਧਿਕਾਰੀ ਦੀ ਪਛਾਣ ਸੇਵਾ ਰਾਮ (59 ਸਾਲ ) ਪੁੱਤਰ ਪੂਰਨ ਰਾਮ ਵਾਸੀ ਸ਼੍ਰੀ ਗੁਰੂ ਰਵਿਦਾਸ ਨਗਰ (ਜਲੰਧਰ) ਵਜੋਂ ਹੋਈ ਹੈ।
ਸੇਵਾ ਰਾਮ ਨਾਲ ਇਹ ਹਾਦਸਾ ਫਗਵਾੜਾ-ਜਲੰਧਰ ਨੰਗਲ ਰੇਲਵੇ ਫਾਟਕ ਨੇੜੇ ਬੀਤੇ ਦਿਨ ਐਤਵਾਰ ਨੂੰ ਵਾਪਰਿਆ ਹੈ। ਜਾਣਕਾਰੀ ਮੁਤਾਬਕ ਜਦੋਂ ਸੇਵਾ ਰਾਮ ਰੇਲਵੇ ਲਾਈਨ ‘ਤੇ ਪੈਮਾਇਸ਼ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਫਗਵਾੜਾ (Phagwara) ਤੋਂ ਜਲੰਧਰ ਵੱਲ ਆ ਰਹੀ ਇਕ ਪੈਸੰਜਰ ਗੱਡੀ ਦਿਖਾਈ ਦਿੱਤੀ। ਇਸ ਦੌਰਾਨ ਉਹ ਤੁਰੰਤ ਉਸ ਟ੍ਰੈਕ ਹੱਟ ਕੇ ਦੂਜੀ ਰੇਲਵੇ ਲਾਈਨ ‘ਤੇ ਪਹੁੰਚ ਗਿਆ ਪਰ ਇਸੇ ਦੌਰਾਨ ਜਲੰਧਰ ਤੋਂ ਲੁਧਿਆਣਾ ਜਾ ਰਹੀ ਇਕ ਮਾਲ ਗੱਡੀ ਆ ਗਈ, ਜਿਸ ਨੂੰ ਉਹ ਦੇਖ ਨਹੀਂ ਸਕਿਆ ਅਤੇ ਉਹ ਰੇਲ ਗੱਡੀ ਦੀ ਲਪੇਟ ‘ਚ ਆ ਗਿਆ | ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਹਾਇਕ ਕਮਿਸ਼ਨਰ ਦੀ ਮ੍ਰਿਤਕ ਦੇਹ ਨੂੰ ਫਗਵਾੜਾ ਜੀਆਰਪੀ ਪੁਲਿਸ ਨੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਭੇਜ ਦਿੱਤਾ ਹੈ। ਰੇਲਵੇ ਸਟੇਸ਼ਨ ਇੰਚਾਰਜ ਜੋਧ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੇਵਾ ਰਾਮ (59) ਵਜੋਂ ਹੋਈ ਹੈ | ਇਹ ਮ੍ਰਿਤਕ ਜਲੰਧਰ ‘ਚ ਕਸਟਮ ਵਿਭਾਗ ‘ਚ ਸਹਾਇਕ ਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤ ਸੀ ਅਤੇ ਉਹ ਨੰਗਲ ਰੇਲਵੇ ਫਾਟਕ ‘ਤੇ ਜ਼ਮੀਨ ਦੀ ਮਿਣਤੀ ਕਰਨ ਲਈ ਫੀਤਾ ਲੈ ਕੇ ਆਇਆ ਸੀ।