July 4, 2024 3:14 pm
truck unions

ਪੰਜਾਬ ‘ਚ ਫਿਰ ਵਧ ਸਕਦੀ ਹੈ ਪੈਟਰੋਲ ਦੀ ਕਿੱਲਤ, ਟਰੱਕ ਯੂਨੀਅਨਾਂ ਵੱਲੋਂ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ

ਚੰਡੀਗੜ੍ਹ, 9 ਜਨਵਰੀ 2024: ਲੋਕ ਸਭਾ ਵਿੱਚ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਟਰੱਕ ਯੂਨੀਅਨਾਂ (truck unions) ਨੇ ਇੱਕ ਵਾਰ ਫਿਰ ਹੜਤਾਲ ਕਰ ਦਿੱਤੀ ਹੈ । ਸਬ-ਕਮੇਟੀ ਨਾਲ ਟਰੱਕ ਯੂਨੀਅਨਾਂ ਦੀ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਬੈਠਕ ਬੇਸਿੱਟਾ ਰਹੀ। ਜਿਸ ਤੋਂ ਬਾਅਦ ਯੂਨੀਅਨਾਂ ਨੇ ਇੱਕ ਵਾਰ ਫਿਰ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਬਠਿੰਡਾ ਤੇਲ ਡਿੱਪੂ ਤੋਂ ਟੈਂਕਰ ਅਜੇ ਵੀ ਨਹੀਂ ਭੇਜੇ ਜਾਣਗੇ।

ਚੰਡੀਗੜ੍ਹ ਵਿੱਚ ਟਰੱਕ ਯੂਨੀਅਨ ਅਤੇ ਪੰਜਾਬ ਸਰਕਾਰ ਦੀ ਸਬ-ਕਮੇਟੀ ਦਰਮਿਆਨ ਬੈਠਕ ਹੋਈ। ਇਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਸਨ। ਇਸ ਬੈਠਕ ਵਿੱਚ ਟਰੱਕ ਯੂਨੀਅਨ ਦੀਆਂ ਵੱਖ-ਵੱਖ 9 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਜਿਸ ਤੋਂ ਬਾਅਦ ਡਰਾਈਵਰਾਂ ਨੇ ਧਰਨਾ ਹੋਰ ਤੇਜ਼ ਕਰਨ ਦੀ ਗੱਲ ਆਖੀ ਹੈ।

ਟਰੱਕ ਯੂਨੀਅਨ (truck unions) ਦੇ ਆਗੂ ਅਜੈ ਸਿੰਗਲਾ ਨੇ ਦੱਸਿਆ ਕਿ ਉਹ ਆਪਣੀ ਯੂਨੀਅਨ ਦੇ ਮੈਂਬਰਾਂ ਨਾਲ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਨ। ਸੰਘਰਸ਼ ਤੇਜ਼ ਕੀਤਾ ਜਾਵੇਗਾ। ਹੁਣ ਜਦੋਂ ਤੱਕ ਕੋਈ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਟਰੱਕ ਡਰਾਈਵਰ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰ ਜਾਣ ਬੁੱਝ ਕੇ ਹਾਦਸੇ ਨਹੀਂ ਕਰਦੇ। ਉਨ੍ਹਾਂ ਲਈ ਇਹ ਕਾਲੇ ਕਾਨੂੰਨ ਵਾਂਗ ਹੈ।

ਟਰੱਕ ਯੂਨੀਅਨਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਲੋੜ ਪਈ ਤਾਂ ਬਠਿੰਡਾ ਤੋਂ ਬਾਅਦ ਪੰਜਾਬ ਦੇ ਬਾਕੀ ਤਿੰਨ ਤੇਲ ਡਿੱਪੂਆਂ ਤੋਂ ਵੀ ਸਪਲਾਈ ਰੋਕ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੈਠਕ ਵਿੱਚ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਨਾਲ 31 ਜਨਵਰੀ ਨੂੰ ਬੈਠਕ ਹੈ, ਉਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।