July 5, 2024 1:05 am
Imran Khan

ਇਮਰਾਨ ਖਾਨ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਵਾਲੀ ਪਟੀਸ਼ਨ ਖਾਰਜ

ਚੰਡੀਗੜ੍ਹ,16 ਮਾਰਚ 2023: ਪਾਕਿਸਤਾਨ ਦੀ ਇਕ ਜ਼ਿਲਾ ਅਦਾਲਤ ਨੇ ਵੀਰਵਾਰ ਨੂੰ ਤੋਸ਼ਾਖਾਨਾ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ।

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜ਼ਫਰ ਇਕਬਾਲ ਨੇ 28 ਫਰਵਰੀ ਨੂੰ ਤੋਸ਼ਾਖਾਨਾ ਮਾਮਲੇ ‘ਚ ਸਰਕਾਰੀ ਤੋਹਫ਼ਿਆਂ ਦੀ ਵਿਕਰੀ ਤੋਂ ਕਮਾਈ ਛੁਪਾਉਣ ਦੇ ਦੋਸ਼ ‘ਚ 70 ਸਾਲਾ ਇਮਰਾਨ ਖ਼ਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ ਸਨ। ਜੱਜ ਨੇ ਇਸਲਾਮਾਬਾਦ ਪੁਲਿਸ ਨੂੰ ਉਸ ਨੂੰ ਗ੍ਰਿਫ਼ਤਾਰ ਕਰਕੇ 18 ਮਾਰਚ ਤੱਕ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ।

ਫੈਸਲਾ ਸੁਣਾਉਂਦੇ ਹੋਏ ਜਸਟਿਸ ਇਕਬਾਲ ਨੇ ਵੀਰਵਾਰ ਨੂੰ ਕਿਹਾ ਕਿ ਵਾਰੰਟ ਨੂੰ ਇਸ ਆਧਾਰ ‘ਤੇ ਮੁਅੱਤਲ ਨਹੀਂ ਕੀਤਾ ਜਾ ਸਕਦਾ ਹੈ ਕਿ ਇਮਰਾਨ ਖਾਨ ਇਕ ਨਿਸ਼ਚਿਤ ਤਾਰੀਖ਼ ‘ਤੇ ਪੇਸ਼ ਹੋਣਗੇ। ਅਦਾਲਤ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਮੁਤਾਬਕ 18 ਮਾਰਚ ਨੂੰ ਪੇਸ਼ ਕੀਤਾ ਜਾਵੇ। ਜੱਜ ਨੇ ਲਗਾਤਾਰ ਤਿੰਨ ਸੁਣਵਾਈਆਂ ਤੋਂ ਬਾਅਦ ਆਪਣੇ ਫੈਸਲੇ ਵਿੱਚ ਲਿਖਿਆ ਕਿ ਕਾਨੂੰਨ ਸਭ ਲਈ ਬਰਾਬਰ ਹੈ।

ਇਕ ਹੋਰ ਮਾਮਲੇ ‘ਚ ਜ਼ਿਲਾ ਅਤੇ ਸੈਸ਼ਨ ਜੱਜ ਫੈਜ਼ਾਨ ਹੈਦਰ ਗਿਲਾਨੀ ਨੇ ਇਕ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਦੋਸ਼ ‘ਚ ਇਮਰਾਨ ਖਾਨ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ ਨੂੰ 20 ਮਾਰਚ ਤੱਕ ਮੁਅੱਤਲ ਕਰ ਦਿੱਤਾ ਹੈ।

ਇਮਰਾਨ ਖਾਨ ਨੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਜੱਜ ਜੇਬਾ ਚੌਧਰੀ ਅਤੇ ਹੋਰ ਅਧਿਕਾਰੀਆਂ ਖਿਲਾਫ ਧਮਕੀ ਭਰੇ ਸ਼ਬਦਾਂ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਸੀਨੀਅਰ ਸਿਵਲ ਜੱਜ ਰਾਣਾ ਮੁਜਾਹਿਦ ਰਹੀਮ ਨੇ 13 ਮਾਰਚ ਨੂੰ ਇਮਰਾਨ ਦੇ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਉਸ ਨੇ ਕੇਸ ਦੀ ਸੁਣਵਾਈ ਲਈ ਨਵੀਂ ਤਾਰੀਖ਼ 29 ਮਾਰਚ ਵੀ ਤੈਅ ਕੀਤੀ ਸੀ, ਪਰ ਇਮਰਾਨ ਨੇ ਗ੍ਰਿਫ਼ਤਾਰੀ ਦੇ ਹੁਕਮਾਂ ਨੂੰ ਉਸੇ ਅਦਾਲਤ ਵਿੱਚ ਚੁਣੌਤੀ ਦੇ ਕੇ ਰਾਹਤ ਦਿੱਤੀ। ਜਦੋਂ ਅਦਾਲਤ ਨੇ ਸੁਣਵਾਈ 20 ਮਾਰਚ ਲਈ ਮੁਲਤਵੀ ਕੀਤੀ ਤਾਂ ਗ੍ਰਿਫਤਾਰੀ ਵਾਰੰਟ ਉਸ ਸਮੇਂ ਤੱਕ ਮੁਅੱਤਲ ਕਰ ਦਿੱਤਾ ਗਿਆ ਅਤੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ।