Prof. Gurbhajan Singh Gill

ਸੱਤਾ ਤੇ ਕਾਬਜ਼ ਸਿਆਸਤਦਾਨਾਂ ਤੇ ਨੌਕਰ ਸ਼ਾਹੀ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਲੋਕ ਚੇਤਨਾ ਲਹਿਰ ਜ਼ਰੂਰੀ: ਪ੍ਰੋ: ਗੁਰਭਜਨ ਸਿੰਘ ਗਿੱਲ

ਲੁਧਿਆਣਾ, 15 ਅਪ੍ਰੈਲ 2023: ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ (Prof. Gurbhajan Singh Gill) ਨੇ ਕਾਫ਼ਲਾ ਜੀਵੇ ਪੰਜਾਬ ਸੰਸਥਾ ਵੱਲੋ ਪੰਜਾਬੀ ਭਵਨ ਲੁਧਿਆਣਾ ਵਿੱਚ ਬੁਲਾਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜਿੰਨਾ ਚਿਰ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਦੀ ਲੋਕ ਮਸਲਿਆਂ ਪ੍ਰਤੀ ਜੁਆਬਦੇਹੀ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ ਉਦੋਂ ਤੀਕ ਲਾਰੇਬਾਜ਼ੀ ਤੇ ਬਹਾਨੇਬਾਜ਼ੀ ਦਾ ਬਾਜ਼ਾਰ ਗਰਮ ਰਹੇਗਾ।

ਉਨ੍ਹਾਂ ਕਿਹਾ ਕਿ ਸਿੱਖਿਆ ਸ਼ਾਸਤਰੀ, ਤਕਨਾਲੋਜਿਸਟ ਤੇ ਵਿਗਿਆਨੀ ਨੁੱਕਰੇ ਲਗਾ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਨੌਕਰਸ਼ਾਹੀ ਦੇ ਆਦੇਸ਼ ਹੂ ਬ ਹੂ ਮੰਨਣ ਦਾ ਸੱਭਿਆਚਾਰ ਉੱਸਰ ਗਿਆ ਹੈ। ਉਨ੍ਹਾਂ ਗੁਰਪ੍ਰੀਤ ਸਿੰਘ ਤੂਰ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਚੜ੍ਹਦੀ ਜਵਾਨੀ ਨੂੰ ਵਿਦਿਅਕ ਸੰਸਥਾਵਾਂ, ਖੇਡ ਕਲੱਬਾਂ ਤੇ ਸੱਭਿਆਚਾਰਕ ਸੰਸਥਾਵਾਂ ਰਾਹੀਂ ਸੁਚੇਤ ਕਰਨ ਦਾ ਤਹੱਈਆ ਕੀਤਾ ਹੈ।

ਸੰਸਥਾ ਦੇ ਬਾਨੀ ਸਃ ਗੁਰਪ੍ਰੀਤ ਸਿੰਘ ਤੂਰ, ਸਾਬਕਾ ਕਮਿਸ਼ਨਰ ਪੁਲੀਸ ਨੇ ਸੰਸਥਾ ਕਾਫ਼ਲਾ ਜੀਵੇ ਪੰਜਾਬ ਦੀ ਰੂਪ ਰੇਖਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨਾਂ ਨਾਲ ਆਨ-ਲਾਈਨ ਤੇ ਆਹਮਣੇ-ਸਾਹਮਣੇ ਬੈਠਕੇ ਰਾਬਤਾ ਰੱਖਿਆ ਜਾਇਆ ਕਰੇਗਾ। ਉਨ੍ਹਾਂ ਨੂੰ ਨਸ਼ਿਆਂ ਤੇ ਲੜਾਈ-ਝਗੜਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚੌਕਸ ਕੀਤਾ ਜਾਵੇਗਾ ਅਤੇ ਸਾਰਥਕ ਜ਼ਿੰਦਗੀ ਦੇ ਪੂਰਨੇ ਪਾਉਣ ਲਈ ਕਿਤਾਬਾਂ ਤੇ ਖੇਡਾਂ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ ਜਾਵੇਗੀ।

ਇਸ ਮੌਕੇ ਸਃ ਗੁਰਪ੍ਰੀਤ ਸਿੰਘ ਤੂਰ ਵੱਲੋਂ ਦੇਸ਼ ਵੰਡ ਮੌਕੇ ਹੋਈ ਤਬਾਹੀ ਨਾਲ ਸਬੰਧਿਤ ਕਹਾਣੀਆਂ ਤੇ ਯਾਦਾਂ ਦਾ ਸੰਗ੍ਰਹਿ ਵੀ ਡਾਃ ਮਹਿੰਦਰ ਸਿੰਘ ਛਾਬੜਾ, ਸਃ ਕਾਹਨ ਸਿੰਘ ਪੰਨੂ, ਯੁਰਿੰਦਰ ਸਿੰਘ ਹੋਅਰ, ਤੇਜਪ੍ਰਤਾਪ ਸਿੰਘ ਸੰਧੂ,ਅਵਤਾਰ ਸਿੰਘ ਢੀਂਡਸਾ,ਜੋਗਾ ਸਿੰਘ ਵੜੈਚ ਧੂਰੀ,ਗੁਰਦੀਪ ਸਿੰਘ ਹਠੂਰ,ਡਾਃ ਬਲਵੰਤ ਸਿੰਘ ਸੰਧੂ, ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਸਃ ਤੇਜਾ ਸਿੰਘ ਧਾਲੀਵਾਲ ਤ੍ਰੈਲੋਚਨ ਲੋਚੀ, ਡਾਃ ਗੁਰਇਕਬਾਲ ਸਿੰਘ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਨ ਕੀਤਾ ਗਿਆ।

ਸੇਵਾਮੁਕਤ ਸੀਨੀਅਰ ਆਈ ਪੀ ਐੱਸ ਅਧਿਕਾਰੀ ਸਃ ਯੂਰਿੰਦਰ ਸਿੰਘ ਹੇਅਰ ਨੇ ਕਿਹਾ ਕਿ ਪਦਾਰਥਵਾਦੀ ਯੁੱਗ ਕਾਰਨ ਸਮਾਜਿਕ ਬਣਤਰ ਵਿੱਚ ਆਈਆਂ ਤਬਦੀਲੀਆਂ ਅਤੇ ਸੰਚਾਰ ਤਕਨਾਲੋਜੀ ਵਿੱਚ ਆਏ ਉਛਾਲ, ਨੌਜਵਾਨਾਂ ਦੀ ਉਲਾਰ ਮਾਨਸਿਕਤਾ ਦਾ ਕਾਰਨ ਬਣੇ ਹਨ। ਉਨ੍ਹਾਂ ਨੂੰ ਮਿਹਨਤ ਕਰਨ ਅਤੇ ਸਾਦਾ ਜੀਵਨ ਜਿਉਣ ਲਈ ਪ੍ਰੇਰਨ ਦੀ ਵੱਡੀ ਲੋੜ ਹੈ। ਗੁਰੂ ਨਾਨਕ ਇੰਜਨੀਅਰਿੰਗ ਕਾਲਿਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾਃ
ਸੁਰਿੰਦਰਬੀਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਸੇਧ ਦੇਣ ਲਈ ਉਨ੍ਹਾਂ ਦੇ ਕੋਲ ਪਿੰਡਾਂ ਵਿੱਚ ਜਾਣ ਦੀ ਲੋੜ ਹੈ।

ਲੋੜਵੰਦ ਵਿਦਿਆਰਥੀਆਂ ਅਤੇ ਮਦਦਗਾਰਾਂ ਦੀਆਂ ਕੜੀਆਂ ਜੋੜਨ ਲਈ ਨੈਟਵਰਕਿੰਗ ਦੀ ਵੱਡੀ ਲੋੜ ਹੈ। ਇਸ ਸਮੇਂ ਵਿਦਿਆਰਥੀਆਂ ਲਈ ਸਕਿੱਲ ਡਵੈਲਪਮੈਂਟ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਅਧਿਕਾਰੀਆਂ ਕੋਲ ਚੰਗਾ ਤਜ਼ਰਬਾ ਅਤੇ ਸਿਸਟਮ ਦੀ ਜਾਣਕਾਰੀ ਹੁੰਦੀ ਹੈ ਇਸ ਲਈ ਸੇਵਾ ਮੁਕਤ ਸੰਸਥਾਵਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਪੰਜਾਬ ਦੇ ਮੰਨੇ ਪਰਮੰਨੇ ਵਿਕਾਸ ਪੁਰਸ਼ ਅਧਿਕਾਰੀ ਸਃਕਾਹਨ ਸਿੰਘ ਪੰਨੂ ਨੇ ਕਿਹਾ ਕਿ ਵਿਦਿਆਰਥੀ ਸਿੱਖਿਆ ਦੇ ਵਿਵਹਾਰਕ ਪੱਖ ਤੋਂ ਦੂਰ ਹੋ ਗਏ ਹਨ, ਏਹੋ ਉਨ੍ਹਾਂ ਦਾ ਮੌਜੂਦਾ ਸੰਕਟ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਦੁਖਾਂਤ ਲਈ ਸਿਸਟਮ ਵਿੱਚ ਆਈ ਗਿਰਾਵਟ ਦਾ ਜ਼ਿਕਰ ਕਰਦਿਆਂ ਸਰਕਾਰ ਵੱਲੋਂ ਲੋੜੀਂਦੇ ਯਤਨ ਅਮਲ ਵਿੱਚ ਲਿਆਉਣ ’ਤੇ ਜ਼ੋਰ ਦਿਤਾ। ਉਨ੍ਹਾਂ ਅਨੁਸਾਰ ਸਰਕਾਰ ਹੀ ਇਸ ਪੱਖੋਂ ਸਮਰੱਥ ਹੈ ਅਤੇ ਲੋੜੀਂਦਾ ਯੋਗਦਾਨ ਪਾਉਣ ਲਈ ਉਸ ਕੋਲ ਵਿਸ਼ੇਸ਼ ਪਲੇਟਫਾਰਮ ਹੈ। ਪ੍ਰਵਾਸ ਕਰ ਗਏ ਲੋਕਾਂ ਦੀ ਤਿੜਕੀ ਮਾਨਸਿਕਤਾ ਦਾ ਵੀ ਉਨ੍ਹਾਂ ਭਾਵਪੂਰਵਕ ਜ਼ਿਕਰ ਕੀਤਾ।

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਕਾਫ਼ਲਾ : ਜੀਵੇ ਪੰਜਾਬ ਸੰਸਥਾ ਦਾ ਸੰਗਠਨ ਗੁਰਪ੍ਰੀਤ ਸਿੰਘ ਤੂਰ ਅਤੇ ਸਾਥੀਆਂ ਵੱਲੋਂ ਕਰਨਾ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਵਿਚਾਰਨ ਅਤੇ ਉਨ੍ਹਾਂ ਦੀ ਖੁਸ਼ਹਾਲੀ ਲਈ ਕੀਤਾ ਗਿਆ ਵੱਡਾ ਉਪਰਾਲਾ ਸਾਬਤ ਹੋਵੇਗਾ। ਇਹ ਸੰਸਥਾ ਭਾਵੇਂ ਨੌਜਵਾਨਾਂ ਦੀਆਂ ਮੌਜੂਦਾ ਚਿੰਤਾਵਾਂ ਵਿੱਚੋਂ ਉਪਜੀ ਹੈ ਕਿ ਨੌਜਵਾਨਾਂ ਕੋਲ ਲਿਆਕਤ ਦੇ ਹਾਣ ਦਾ ਰੁਜ਼ਗਾਰ ਨਹੀਂ ਹੈ, ਇਹੀ ਤਾਂ ਉਨ੍ਹਾਂ ਦੀ ਮੂਲ ਸਮੱਸਿਆ ਹੈ।

ਪੰਜਾਬ ਵਿੱਚ ਫੁੱਲਾਂ ਦੀ ਖੇਤੀ ਰਾਹੀਂ ਵਿਸ਼ਵ ਨਕਸ਼ੇ ਤੇ ਸਿਰਕੱਢ ਚਿਹਰੇ ਸਃ ਅਵਤਾਰ ਸਿੰਘ ਢੀਂਡਸਾ ਨੇ ਕਿਹਾ ਕਿ ਨੌਕਰੀ ਸਿਰਫ਼ ਸਰਕਾਰੀ ਨਹੀਂ ਹੁੰਦੀ, ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਵੀ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਹੱਥੀ ਕੰਮ ਕਰਨ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਲਈ ਸਖ਼ਤ ਮਿਹਨਤ ਦੇ ਪੂਰਨੇ ਪਾਉਣਾ ਬਹੁਤ ਜ਼ਰੂਰੀ ਹੈ।

ਖੇਡਾਂ ਦੀ ਦੁਨੀਆਂ ਦੇ ਮਹਾਨ ਸਰਪ੍ਰਸਤ ਸਃ.ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਣ ਲਈ ਪ੍ਰੇਰਨਾ ਅਤੇ ਖੇਡਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਨਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਸੰਸਾਰ ਪੱਧਰ ਦੇ ਵੱਡੇ ਖੇਡ ਮੁਕਾਬਲਿਆਂ ਵਿੱਚ ਉਹ ਮੱਲਾਂ ਮਾਰ ਸਕਣ। ਉਨ੍ਹਾਂ ਦੀ ਦਿਲਚਸਪੀ ਖੇਡਾਂ ਵਿੱਚ ਪੈਦਾ ਕਰਨ ਲਈ ਨਾਮਵਰ ਖਿਡਾਰੀਆਂ ਦੇ ਜੀਵਨ ਪਾਠ ਪੁਸਤਕਾਂ ਵਿੱਚ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ। ਸਮਾਗਮ ਦੇ ਅੰਤ ਵਿੱਚ ਧੰਨਵਾਦ ਕਰਦਿਆਂ ਮੰਚ ਸੰਚਾਲਕ ਡਾਃ ਬਲਵੰਤ ਸਿੰਘ ਸੰਧੂ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਕਮਾਲਪੁਰਾ(ਲੁਧਿਆਣਾ) ਤੇ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਦੱਸਿਆ ਕਿ ਇਸ ਸੰਸਥਾ ਦੀ ਰੂਪ-ਰੇਖਾ ਵਿੱਚ ਤੇਜਪ੍ਰਤਾਪ ਸਿੰਘ ਸੰਧੂ ਵੱਲੋਂ ਕੀਤੀ ਗਈ ਮਦਦ ਅਤੇ ਤਕਨੀਕੀ ਸਹਾਇਤਾ ਵਰਨਣਯੋਗ ਹੈ। ਸ਼੍ਰੀ ਸ਼ਰਨਜੀਤ ਸਿੰਘ CEO, Edneed Technologies, Austin Texas ਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਸੰਸਥਾ ਦਾ ਬੁਨਿਆਦੀ ਢਾਂਚਾ ਉਸਾਰਨ ਲਈ ਕੀਤੀ ਗਈ ਮਦਦ ਵਿਸ਼ੇਸ਼ ਮਹੱਤਵ ਰੱਖਦੀ ਹੈ।

​​ਇਹ ਸੰਸਥਾ ਵਿੱਚ ਸਾਬਕਾ ਪੁਲੀਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਦੇ ਅੰਗ ਸੰਗ ਮੇਰੇ ਸਮੇਤ ਹਰਮਿੰਦਰ ਸਿੰਘ (ਡਾ.), ਰਾਹੁਲ ਗੁਪਤਾ (ਸੀਨੀ. ਐਡਵੋਕੇਟ), ਜਗਜੀਤ ਸਿੰਘ ਲੋਹਟਬੱਦੀ (ਸਾਬਕਾ ਬੈਂਕ ਅਧਿਕਾਰੀ), ਤੇਜਪ੍ਰਤਾਪ ਸਿੰਘ ਸੰਧੂ, ਖੁਸ਼ਵੰਤ ਬਰਗਾੜੀ (ਲੈਕਚਰਾਰ), ਸ਼੍ਰੀਮਤੀ ਦਲਜੀਤ ਕੌਰ (ਪ੍ਰਿੰ.) ਅਤੇ ਸ਼੍ਰੀਮਤੀ ਹਰਪ੍ਰੀਤ ਕੌਰ (IT Professional) ਸ਼ਾਮਿਲ ਹਨ।
ਇਸ ਸੰਸਥਾ ਦੇ ਐਡਵਾਈਜ਼ਰੀ ਬੋਰਡ ਵਿੱਚ ਸ਼੍ਰੀ ਕਾਹਨ ਸਿੰਘ ਪੰਨੂ (Ex-IAS), ਯੂਰਿੰਦਰ ਸਿੰਘ ਹੇਅਰ (Ex-IPS), ਡਾ. ਦਵਿੰਦਰ ਸਿੰਘ ਚੀਮਾ (ਸਾਬਕਾ ਡੀਨ ਪੀ.ਏ.ਯੂ. ਅਤੇ ਸਾਬਕਾ ਰਜਿਸਟਰਾਰ, ਚੰਡੀਗੜ੍ਹ ਯੂਨੀਵਰਸਿਟੀ), ਪ੍ਰੋ. ਗੁਰਭਜਨ ਗਿੱਲ, ਡਾ. ਬਿਸ਼ਵ ਮੋਹਨ ਅਤੇ ਸਃ ਅਵਤਾਰ ਸਿੰਘ ਢੀਂਡਸਾ ਸ਼ਾਮਲ ਹਨ।

ਸਮਾਗਮ ਵਿੱਚ ਡਾਃ ਗੁਰਵਿੰਦਰ ਪਾਲ ਸਿੰਘ ਢਿੱਲੋਂ ,ਪ੍ਰੋਫੈਸਰ ਤੇ ਮੁਖੀ, ਖੇਤੀ ਜੰਗਲਾਤ ਵਿਭਾਗ ਪੀ ਏ ਯੂ,ਉੱਘੇ ਕਵੀ ਤ੍ਰੈਲੋਚਨ ਲੋਚੀ, ਡਾਃ ਜਸਵਿੰਦਰ ਕੌਰ ਬਰਾੜ, ਡਾਃ ਰੁਪਿੰਦਰ ਕੌਰ ਤੂਰ, ਡਾਃ ਸਰਬਜੀਤ ਕੌਰ ਬਰਾੜ ਪ੍ਰੋਫੈਸਰ,ਸਿੱਧਵਾਂ ਖ਼ੁਰਦ,ਡਾਃ ਸਵਰਨਦੀਪ ਸਿੰਘ ਹੁੰਦਲ, ਜਸਮੇਰ ਸਿੰਘ ਢੱਟ, ਡਾਃ ਤੇਜਿੰਦਰ ਕੌਰ ਰਾਮਗੜੀਆ ਗਰਲਜ਼ ਕਾਲਿਜ , ਲੁਧਿਆਣਾ, ਕੌਮੀ ਪੁਰਸਕਾਰ ਜੇਤੂ ਅਧਿਆਪਕ ਕਰਮਜੀਤ ਸਿੰਘ ਲਲਤੋਂ, ਡਾਃ ਰਣਜੀਤ ਸਿੰਘ ਗਿੱਲ, ਡਾਃ ਹਰਵਿੰਦਰ ਸਿੰਘ ਧਾਲੀਵਾਲ ਸਾਬਕਾ ਡੀਨ ਪੀ ਏ ਯੂ, ਵਾਤਾਵਰਨ ਮਾਹਿਰ ਡਾਃ ਬਲਵਿੰਦਰ ਸਿੰਘ ਲੱਖੇਵਾਲੀ ਤੋਂ ਇਲਾਵਾ ਕਈ ਸਿਰਕੱਢ ਵਿਅਕਤੀ ਹਾਜ਼ਰ ਸਨ।

Scroll to Top