July 4, 2024 8:42 pm
Chhardamjra

ਭਾਜਪਾ ਨਾਲ ਜੱਫੀਆਂ ਪਾਉਣ ਵਾਲੇ ਟਕਸਾਲੀਆ ਅਕਾਲੀ ਤੇ ਪੰਥਕ ਪਰਿਵਾਰਾਂ ਨੂੰ ਭਾਜਪਾ ਦਾ ਏਜੰਟ ਦੱਸਣ ਲੱਗੇ: ਪ੍ਰੋ. ਚੰਦੂਮਾਜਰਾ

ਚੰਡੀਗੜ੍ਹ 27 ਜੂਨ 2024: ਸ੍ਰੋਮਣੀ ਅਕਾਲੀ ਦਲ ਬਚਾਉ ਲਹਿਰ ਦੇ ਸੀਨੀਅਰ ਆਗੂਆਂ ਨੇ ਅੱਜ ਸਾਂਝੇ ਤੌਰ ‘ਤੇ ਪ੍ਰੈਸ ਵਾਰਤਾ ਕੀਤੀ | ਇਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜੰਗੀਰ ਕੌਰ, ਸ਼ਿਕੰਦਰ ਸਿੰਘ ਮਲੂਕਾ, ਚਰਨਜੀਤ ਸਿੰਘ ਬਰਾੜ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੁਰਜੀਤ ਸਿੰਘ ਰੱਖੜਾ ਮੌਜੂਦ ਰਹੇ | ਇਨ੍ਹਾਂ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਧੜੇ ਵੱਲੋਂ ਪੰਥਕ ਆਗੂਆਂ ਨੂੰ ਭਾਜਪਾ ਤੇ ਕਾਂਗਰਸ ਦਾ ਏਜੰਟ ਦੱਸਣ ’ਤੇ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਭਾਜਪਾ ਨੂੰ ਜੱਫੀਆਂ ਪਾਉਣ ਵਾਲੇ ਕਿਸ ਮੂੰਹ ਨਾਲ ਪੰਜਾਬ ਦੇ ਟਕਸਾਲੀਆ ਅਕਾਲੀ ਤੇ ਪੰਥਕ ਪਰਿਵਾਰਾਂ ਨੂੰ ਭਾਜਪਾ ਦਾ ਏਜੰਟ ਦੱਸ ਰਹੇ ਹਨ।

ਉਨ੍ਹਾਂ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਲਈ ਭਾਜਪਾ ਨਾਲ ਮਿਲ ਗਏ, ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ ਕਰਕੇ ਵਜਾਰਤਾਂ ਲਈ ਜਫੀਆਂ ਪਾਈਆਂ, ਕੋਰ ਕਮੇਟੀ ਦੇ ਫੈਸਲੇ ਖ਼ਿਲਾਫ਼ ਜਾ ਕੇ ਤਿੰਨ ਕਾਲੇ ਕਾਨੂੰਨਾਂ ਦੇ ਹੱਕ ‘ਚ ਭੁਗਤਣਾ, ਚੰਡੀਗੜ੍ਹ ਦੇ ਮੇਅਰ ਅਤੇ ਰਾਸਟਰਪਤੀ ਦੀ ਚੋਣ ਲਈ ਭਾਜਪਾ ਦਾ ਸਮਰਥਨ ਕਰਨ ਵਾਲੇ ਕੀ ਭਾਜਪਾ ਦੇ ਏਜੰਟ ਨਹੀਂ ? ਉਨ੍ਹਾਂ ਕਿਹਾ ਲੋਕ ਸਭਾ ਤੋਂ ਪਹਿਲਾਂ ਇਕੱਲਿਆਂ ਜਾ ਕੇ ਪ੍ਰਧਾਨ ਮੰਤਰੀ ਮੋਦੀ ਕੋਲ ਸੀਟਾਂ ਲਈ ਤਰਲੇ ਕਰਨਾ ਕੀ ਉਹ ਭਾਜਪਾ ਏਜੰਟ ਨਹੀਂ | ਉਹ ਪੰਥਕ ਆਗੂਆਂ ਨੂੰ ਕਿਸ ਮੂੰਹ ਨਾਲ ਭਾਜਪਾ ਦੇ ਏਜੰਟ ਕਹਿ ਰਹੇ ਹਨ |

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਸ ਤਰਾਂ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ, ਪੰਜਾਬ ਦੇ ਵਾਸੀ ਸਭ ਜਾਣਦੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ‘ਚ ਲਿਆਉਣ ਲਈ ਜੇਲ੍ਹਾਂ ਕੱਟੀਆਂ ਅਤੇ ਕੁਰਬਾਨੀਆ ਦਿੱਤੀਆਂ । ਉਨ੍ਹਾਂ ਪਰਿਵਾਰਾਂ ‘ਚ ਮਾਸਟਰ ਤਾਰਾ ਸਿੰਘ ਦਾ ਪਰਿਵਾਰ, ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ, ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ, ਮੋਹਨ ਸਿੰਘ ਤੂੜ ਦਾ ਪਰਿਵਾਰ, ਵਡਾਲਾ ਪਰਿਵਾਰ, ਬੀਬੀ ਗੁਲਸ਼ਨ ਦਾ ਪਰਿਵਾਰ, ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ ਅਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ, ਸਾਬਕਾ ਮੰਤਰੀਆਂ, ਸਾਬਕਾ ਸੰਸਦ ਮੈਂਬਰਾਂ ਦੇ ਪਰਿਵਾਰ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਜਿਨ੍ਹਾ ਸੀਨੀਅਰ ਆਗੂਆਂ ਨੂੰ ਬਾਗੀ ਕਿਹਾ ਜਾ ਰਿਹਾ ਹੈ ਕਿ ਉਹ ਅਕਾਲੀ ਦਲ ਨੂੰ ਬਚਾਉਣ ਲਈ ਸੁਹਿਰਦ ਹਨ | ਅਸੀਂ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ ’ਤੇ ਲਿਆਉਣਾ ਚਾਹੁੰਦੇ ਹਾਂ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ’ਤੇ 1 ਜੁਲਾਈ ਨੂੰ ਅਸੀਂ ਇਕ ਪ੍ਰੋਗਰਾਮ ਬਣਾਇਆ ਹੈ ਕਿ ਪਹਿਲਾਂ ਜਾ ਕੇ ਮੁਆਫ਼ੀ ਮੰਗਣੀ ਹੈ ਅਤੇ ਅਰਦਾਸ ਕਰਨੀ ਹੈ , ਜੋ ਸਾਡੇ ਤੋਂ ਗਲਤੀਆਂ ਹੋਈਆਂ ਹਨ | ਉਸਤੋਂ ਬਾਅਦ ਕੋਈ ਫੈਸਲਾ ਲਵਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਬੁਲੰਦੀਆਂ ‘ਤੇ ਜਾਵੇ |